ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ਼ ਬਿਊਰੋ)
ਇਮੀਗਰੇਸ਼ਨ ਨਿਊਜ਼ੀਲੈਂਡ ਨੇ ਦੇਰੀ ਲਈ ਮਾਫ਼ੀ ਮੰਗਦਿਆਂ ਨਿਊਜ਼ੀਲੈਂਡ ਤੋਂ ਬਾਹਰ ਰਹਿੰਦੇ ਇੱਕ ਸਕਿਲਡ ਮਾਈਗਰੈਂਟ ਵਰਕਰ ਦਾ ਵੀਜ਼ਾ ਦੁਬਾਰਾ ਵਧਾਉਣ ਦੀ ਔਫ਼ਰ ਦਿੱਤੀ ਹੈ। ਜਿਸ ਕਰਕੇ 100 ਤੋਂ ਵੱਧ ਹੋਰ ਸਕਿਲਡ ਵਰਕਰਾਂ ਦੇ ਭਾਗ ਖੱੁਲ੍ਹਣ ਦੀ ਵੀ ਸੰਭਾਵਨਾ ਬਣ ਗਈ ਹੈ, ਜਿਨ੍ਹਾਂ ਦੇ ਇੱਕ-ਇੱਕ ਵੀਜ਼ੇ 29 ਫਰਵਰੀ 2020 ਤੋਂ ਪਹਿਲਾਂ ਲੱਗੇ ਸਨ ਪਰ ਬਾਰਡਰ ਬੰਦ ਹੋਣ ਜਾਣ ਕਰਕੇ ਨਿਊਜ਼ਲੈਂਡ `ਚ ਦਾਖ਼ਲ ਨਹੀਂ ਹੋ ਸਕੇ ਸਨ।
ਪ੍ਰਾਪਤ ਜਾਣਕਾਰੀ ਅਨੁਸਾਰ ਫਿਲੀਪੀਨਜ ਦੇ ਆਈਟੀ ਸਪੈਸ਼ਲਿਸਟ ਇਰਵਿਨ ਫਰਨਾਡੇਜ਼ ਨੂੰ ਭੇਜੀ ਈਮੇਲ `ਚ ਇਮੀਗਰੇਸ਼ਨ ਨੇ ਦੇਰੀ ਲਈ ਮੁਆਫ਼ੀ ਮੰਗਦਿਆਂ ਪੇਸ਼ਕਸ਼ ਕੀਤੀ ਹੈ ਕਿ ਉਸਦੇ ਵੀਜ਼ੇ ਦੀ ਮਿਆਦ ਵਧਾਈ ਜਾ ਸਕਦੀ ਹੈ, ਜੋ ਕਿ ਲੌਕਡਾਊਨ ਦੌਰਾਨ ਖਤਮ ਹੋ ਗਈ ਸੀ। ਅਜਿਹਾ ਹੋਣ ਨਾਲ ਉਸ ਅਤੇ ਉਸਦੇ ਪਰਿਵਾਰ ਵਾਸਤੇ ਨਿਊਜ਼ੀਲੈਂਡ ਦੀ ਪਰਮਾਨੈਂਟ ਰੈਜੀਡੈਂਸੀ ਲਈ ਰਾਹ ਖੁੱਲ੍ਹ ਸਕਦਾ ਹੈ।
ਫਰਨਾਡੇਜ਼ ਨੇ ਸਾਲ 2018 `ਚ ਸਕਿਲਡ ਮਾਈਗਰੈਂਟ ਕੈਟਾਗਿਰੀ ਤਹਿਤ ਅਪਲਾਈ ਕੀਤਾ ਸੀ, ਜਿਸ ਪਿੱਛੋਂ ਉਸਨੂੰ ਅਕਤੂਬਰ 2019 `ਚ ਜੌਬ ਸਰਚ ਵੀਜ਼ਾ ਅਪਲਾਈ ਕਰਨ ਵਾਸਤੇ ਆਖਿਆ ਗਿਆ ਸੀ। ਜਿਸ ਪਿੱਛੋਂ ਉਸਨੂੰ ਇੱਕ ਸਾਲ ਜੌਬ ਸਰਚ ਵੀਜ਼ਾ ਦਿੱਤਾ ਗਿਆ ਸੀ, ਜਿਸਦੀ ਮਿਆਦ 24 ਜਨਵਰੀ 2020 ਤੋਂ ਜਨਵਰੀ 23 ਜਨਵਰੀ 2021 ਤੱਕ ਤੱਕ ਸੀ।
ਇਮੀਗਰੇਸ਼ਨ ਦੇ ਵੀਜ਼ਾ ਅਪਰੇਸ਼ਨਜ ਨਾਲ ਸਬੰਧਤ ਜਨਰਲ ਮੈਨੇਜਰ ਨਿਕੋਲਾ ਹੌਗ ਦਾ ਕਹਿਣਾ ਹੈ ਕਿ ਬਿਨਾ ਸ਼ੱਕ ਕੋਵਿਡ-19 ਦੀ ਵਜ੍ਹਾ ਨਾਲ ਬਹੁਤ ਸਾਰੇ ਮਾਈਗਰੈਂਟਸ ਪ੍ਰਭਾਵਿਤ ਹੋਏ ਹਨ, ਜੋ ਬਾਰਡਰ ਬੰਦ ਹੋਣ ਕਰਕੇ ਨਿਊਜ਼ੀਲੈਂਡ ਨਹੀਂ ਆ ਸਕੇ। ਉਨ੍ਹਾਂ ਦੱਸਿਆ ਕਿ ਵੀਜ਼ਾ ਪ੍ਰਾਸੈਸਿੰਗ ਦੌਰਾਨ ਇਮੀਗਰੇਸ਼ਨ ਫਰਨਾਡੇਜ਼ ਨਾਲ ਸੰਪਰਕ ਰੱਖੇਗੀ।
ਫਰਨਾਡੇਜ਼ ਦੇ ਕੇਸ ਦੀ ਪੈਰਵੀ ਕਰਨ ਵਾਲੀ ਵਕੀਲ ਮੈਰੀਕਲ ਨੇ ਇਮੀਗਰੇਸ਼ਨ ਦੀ ਔਫ਼ਰ ਬਾਰੇ ਖੁਸ਼ੀ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਇਮੀਰਗੇਸ਼ਨ ਦਾ ਅਜਿਹਾ ਕਦਮ ਦਰਸਾਉਂਦਾ ਹੈ ਕਿ ਸਰਕਾਰ ਉਵਰਸੀਜ ਸਟੱਕ ਮਾਈਗਰੈਂਟਸ ਦੇ ਮਾਮਲਿਆਂ ਬਾਰੇ ਵਿਹਾਰਕ ਰੂਪ `ਚ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਹੋਰ ਮਾਈਗਰੈਂਟਸ ਦੇ ਵੀਜਿ਼ਆਂ ਦੀ ਮਿਆਦ ਵਧਣ ਦੀ ਉਮੀਦ ਬੱਝੀ ਹੈ, ਜਿਨ੍ਹਾਂ ਦੇ ਵੀਜ਼ੇ ਲੌਕਡਾਊਨ ਦੌਰਾਨ ਮੁੱਕ ਗਏ ਸਨ।