ਆਕਲੈਂਡ (ਤਰਨਦੀਪ ਬਿਲਾਸਪੁਰ ) ਪਿਛਲੇ ਸਾਲ 15 ਮਾਰਚ ਨੂੰ ਕਰਾਇਸਚਰਚ ਦੀਆਂ ਦੋ ਮਸਜਿਦਾਂ ਅਲ ਨੂਰ ਅਤੇ ਲਿਨਵੁਡ ਮੁਸਲਿਮ ਸੈਂਟਰ ਵਿਚ ਆਸਟ੍ਰੇਲੀਆ ਦੇ ਨਾਗਰਿਕ ਬ੍ਰੇਨਟਨ ਹੈਰੀਸਨ ਟੈਰਾਇੰਟ ਵਲੋਂ ਫੇਸਬੁੱਕ ਲਾਈਵ ਕਰਕੇ 51 ਮੁਸਲਿਮ ਫਿਰਕੇ ਨਾਲ ਸਬੰਧਿਤ ਲੋਕਾਂ ਨੂੰ ਗੋਲੀਬਾਰੀ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ | ਜਿਸਤੋਂ ਬਾਅਦ ਸਮੁਚੇ ਸੰਸਾਰ ਵਿਚ ਵਾਈਟ ਸੁਪਰਮੇਸੀ ਅੱਤਵਾਦ ਦੀ ਵੱਡੇ ਪੱਧਰ ਤੇ ਆਲੋਚਨਾ ਹੋਈ ਸੀ |
ਅੱਜ ਸਵੇਰੇ ਉਕਤ 29 ਸਾਲਾਂ ਮੁਲਜ਼ਮ ਨੂੰ ਜੇਲ ਤੋਂ ਵੀਡੀਓ ਕਾਨਫਰੰਸਿੰਗ ਦੇ ਤਹਿਤ ਕਰਾਇਸਚਰਚ ਹਾਈ ਕੋਰਟ ਵਿਚ ਪੇਸ਼ ਕੀਤਾ ਗਿਆ | ਜਿਥੇ ਕੋਰਟ ਨੇ ਉਕਤ ਮੁਲਜ਼ਮ ਨੂੰ 51 ਮਾਸੂਮ ਲੋਕਾਂ ਦੇ ਕਤਲ ਮਾਮਲੇ ਵਿਚ ਜਿਥੇ ਦੋਸ਼ੀ ਪਾਇਆ ਓਥੇ ਹੀ | 40 ਲੋਕਾਂ ਉੱਪਰ ਇਰਾਦਾ ਕਤਲ ਮਾਮਲੇ ਵਿਚ ਵੀ ਦੋਸ਼ੀ ਪਾਇਆ | ਇਸ ਮੌਕੇ ਦੋਸ਼ੀ ਉੱਪਰ ਟੈਰੋਰਿਜ਼ਮ ਸੁਪਰਸੈਸਨ ਐਕਟ 2002 ਦੀਆਂ ਸਮੁੱਚੀਆਂ ਧਰਾਵਾਂ ਤਹਿਤ ਕਾਰਵਾਈ ਕੀਤੀ ਗਈ | ਜੋ ਨਿਊਜ਼ੀਲੈਂਡ ਵਿਚ ਆਪਣੀ ਕਿਸਮ ਦੀ ਪਹਿਲੀ ਕਾਰਵਾਈ ਸੀ |
ਜਸਟਿਸ ਕੈਮਰੂਨ ਮੈਂਡਰ ਵਲੋਂ ਕੀਤੀ ਜਾ ਰਹੀ ਸੁਣਵਾਈ ਮੌਕੇ ਦੋਸ਼ੀ ਬ੍ਰੇਨਟਨ ਟੈਰਾਇੰਟ ਦਾ ਗੰਭੀਰ ਅਤੇ ਮੁਰਝਾਇਆ ਚੇਹਰਾ ਨਸ਼ਰ ਤਸਵੀਰਾਂ ਵਿਚ ਦੇਖਿਆ ਜਾ ਸਕਦਾ ਸੀ | ਕੋਰਟ ਵਲੋਂ ਉਕਤ ਸੁਣਵਾਈ ਦੀ ਵੀਡੀਓ ਅਤੇ ਕੁਝ ਤਸਵੀਰਾਂ ਵੀ ਨਸ਼ਰ ਕੀਤੀਆਂ ਹਨ |
ਮਾਨਯੋਗ ਹਾਈ ਕੋਰਟ ਦੇ ਜੱਜ ਜਸਟਿਸ ਕੈਮਰੂਨ ਮੈਂਡਰ ਨੇ ਸੁਣਵਾਈ ਤੋਂ ਬਾਅਦ ਦੱਸਿਆ ਕਿ ਦੋਸ਼ੀ ਨੂੰ 1 ਮਈ ਨੂੰ ਜਾਂ ਕਰੋਨਾ ਵਾਇਰਸ ਤੇ ਫਤਿਹ ਪਾਉਣ ਤੋਂ ਬਾਅਦ ਕਿਸੇ ਹੋਰ ਬਦਲਵੀਂ ਤਾਰੀਖ ਨੂੰ ਸਜਾ ਸੁਣਾਈ ਜਾਵੇਗੀ |
ਉਕਤ ਫੈਸਲੇ ਨਾਲ ਜਿਥੇ ਪੀੜਤਾਂ ਦੇ ਜਖਮਾਂ ਉੱਪਰ ਲੱਗੀ ਮੱਲ੍ਹਮ ਵਜੋਂ ਦੇਖਿਆ ਜਾ ਰਿਹਾ ਹੈ | ਓਥੇ ਹੀ ਇਸ ਬਾਬਤ ਜਿਥੇ ਨਿਊਜ਼ੀਲੈਂਡ ਦੀਆਂ ਸਾਰੀਆਂ ਮਸਜਿਦਾਂ ਵਲੋਂ ਸਾਂਝੇ ਤੌਰ ਤੇ ਸਵਾਗਤ ਕੀਤਾ ਗਿਆ ਹੈ | ਉਥੇ ਹੀ ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜ਼ੀਲੈਂਡ ਨੇ ਵੀ ਜਾਰੀ ਬਿਆਨ ਰਾਹੀਂ ਨਿਊਜ਼ੀਲੈਂਡ ਦੀ ਨਿਆਂ ਪ੍ਰਣਾਲੀ ਵਲੋਂ ਲਏ ਫੈਸਲੇ ਨੂੰ ਜੀ ਆਇਆਂ ਕਿਹਾ ਹੈ | ਉਥੇ ਹੀ ਇਹ ਵੀ ਕਿਹਾ ਹੈ ਕਿ ਅੱਤਵਾਦ ਕਿਸੇ ਵੀ ਫਿਰਕੇ ਖਿਲਾਫ ਹੋਵੇ ਉਸਦਾ ਵਿਰੋਧ ਹੋਣਾ ਚਾਹੀਦਾ ਹੈ | ਇਥੇ ਹੀ ਉਹਨਾਂ ਕਾਬੁਲ ਵਿਚ ਗੁਰੂ ਘਰ ਉੱਪਰ ਹੋਏ ਤਾਜ਼ਾ ਹਮਲੇ ਦੀ ਨਿੰਦਿਆਂ ਕਰਦਿਆਂ ,ਇਸ ਸਮੁੱਚੀ ਮਨੁੱਖਤਾਂ ਨੂੰ ਲੋਕਾਈ ਦਾ ਹੋਕਰਾ ਦੇਣ ਦੀ ਗੱਲ ਕੀਤੀ ਹੈ | ਉਥੇ ਹੀ ਕਾਬੁਲ ਹਮਲੇ ਦੇ ਪੀੜਤਾਂ ਦੀ ਮਦਦ ਲਈ ਅੱਗੇ ਆਉਣ ਲਈ ਵੀ ਕਿਹਾ ਹੈ |