ਆਕਲੈਂਡ (ਹਰਪ੍ਰੀਤ ਸਿੰਘ) - ਨਿਊਜ਼ਹੱਬ ਦੇ ਹਵਾਲੇ ਤੋਂ ਸਾਹਮਣੇ ਆਇਆ ਹੈ ਕਿ ਇਸ ਵੇਲੇ ਕੋਸਟ ਆਫ ਲੀਵਿੰਗ ਨਿਊਜੀਲੈਂਡ ਦੇ ਵਸਨੀਕਾਂ ਦੀ ਪ੍ਰੇਸ਼ਾਨੀ ਦਾ ਕਾਰਨ ਬਣ ਰਹੀ ਹੈ ਤੇ ਵੱਡੀ ਆਰਥਿਕ ਸੱਮਸਿਆ ਨੂੰ ਪੈਦਾ ਕਰ ਰਹੀ ਰਹੀ ਹੈ।
ਇੱਕ ਅੰਦਾਜੇ ਅਨੁਸਾਰ 10,000 ਦੇ ਕਰੀਬ ਸੋਸ਼ਲ ਹਾਊਸਿੰਗ ਵਿੱਚ ਰਹਿੰਦੇ ਕਿਰਾਏਦਾਰ ਆਪਣੇ ਕਿਰਾਏ ਦੇਣ ਵਿੱਚ ਅਸਮਰਥ ਹੋ ਰਹੇ ਹਨ ਤੇ ਜੂਨ ਤੋਂ ਬਾਅਦ ਇਨ੍ਹਾਂ ਵਲੋਂ ਰੋਕੇ ਗਏ ਕਿਰਾਏ ਵਿੱਚ 80% ਦਾ ਵਾਧਾ ਹੋਇਆ ਹੈ। ਰੁਕਿਆ ਹੋਇਆ ਕਿਰਾਇਆ ਹੁਣ ਤੱਕ ਵੱਧ ਕੇ $16 ਮਿਲੀਅਨ ਪੁੱਜ ਗਿਆ ਹੈ। ਹਾਲਾਤ ਇਸ ਕਾਰਨ ਬੁਰੇ ਕਹੇ ਜਾ ਸਕਦੇ ਹਨ, ਕਿਉਂਕਿ ਜੇ ਇਹ ਸੋਸ਼ਲ ਹਾਊਸਿੰਗ ਵਿੱਚ ਰਹਿੰਦੇ ਕਿਰਾਏਦਾਰ, ਜਿਨ੍ਹਾਂ ਨੂੰ ਕਿਰਾਇਆਂ ਵਿੱਚ ਸਰਕਾਰ ਵਲੋਂ ਵਿਸ਼ੇਸ਼ ਛੋਟ ਮਿਲੀ ਹੁੰਦੀ ਹੈ, ਕਿਰਾਏ ਦੇਣ ਵਿੱਚ ਅਸਮਰਥ ਹਨ ਤਾਂ ਆਮ ਘਰਾਂ ਵਿੱਚ ਰਹਿੰਦੇ ਲੋਕਾਂ ਦਾ ਕੀ ਹਾਲ ਹੋਏਗਾ।
ਇਨ੍ਹਾਂ ਹੀ ਨਹੀਂ ਕਈ ਲੋਕਾਂ ਨੇ ਤਾਂ ਇਹ ਵੀ ਮੰਨਿਆ ਹੈ ਕਿ ਲਗਾਤਾਰ ਵੱਧਦੀ ਮਹਿੰਗਾਈ ਕਾਰਨ ਉਨ੍ਹਾਂ ਨੂੰ ਆਪਣੇ ਪਾਲਤੂ ਜਾਨਵਰਾਂ ਨੂੰ ਰੱਖਣ ਦਾ ਮੋਹ ਤਿਆਗਣਾ ਪਿਆ ਹੈ, ਜਾਂ ਤਾਂ ਉਨ੍ਹਾਂ ਵਲੋਂ ਆਪਣੇ ਜਾਨਵਰਾਂ ਰਿਸ਼ਤੇਦਾਰਾਂ ਨੂੰ ਦੇ ਦਿੱਤੇ ਗਏ ਹਨ ਜਾਂ ਫਿਰ ਉਨ੍ਹਾਂ ਨੂੰ ਵੇਚ ਦਿੱਤਾ ਗਿਆ ਹੈ।