ਆਕਲੈਂਡ (ਹਰਪ੍ਰੀਤ ਸਿੰਘ) - ਵੈਂਗਨੁਈ ਨੂੰ ਛੱਡ ਨਿਊਜੀਲੈਂਡ ਦੇ ਹਰੇਕ ਇਲਾਕੇ ਵਿੱਚ ਸਾਲ 2022 ਵਿੱਚ ਐਡਮੀਸ਼ਨ ਲੈਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਕਮੀ ਦੇਖਣ ਨੂੰ ਮਿਲੀ ਹੈ। ਬੀਤੇ ਸਾਲ ਦੇ ਮੁਕਾਬਲੇ ਸਾਲ 2022 ਵਿੱਚ 11,421 ਘੱਟ ਵਿਦਿਆਰਥੀਆਂ ਨੇ ਐਡਮੀਸ਼ਨ ਲਈ ਹੈ ਤੇ ਇਹ ਰਿਕਾਰਡਤੋੜ ਆਂਕੜੇ ਹਨ, ਕਿਉਂਕਿ ਬੀਤੇ ਇੱਕ ਦਹਾਕੇ ਵਿੱਚ ਨਿਊਜੀਲੈਂਡ ਵਿੱਚ ਇਨੀਆਂ ਘੱਟ ਐਡਮੀਸ਼ਨਾਂ ਸਕੂਲਾਂ ਵਿੱਚ ਕਦੇ ਵੀ ਨਹੀਂ ਹੋਈਆਂ।
ਮਾਹਿਰਾਂ ਦਾ ਕਹਿਣਾ ਹੈ ਕਿ ਇਸ ਦਾ ਮੁੱਖ ਕਾਰਨ ਹੈ ਕਿ ਟੀਨੇਜਰ ਬੱਚੇ ਸਮੇਂ ਤੋਂ ਪਹਿਲਾਂ ਸਕੂਲ ਛੱਡ ਰਹੇ ਹਨ ਤੇ ਐਜੁਕੇਸ਼ਨ ਸਿਸਟਮ ਨੂੰ ਅਲਵਿਦਾ ਕਹਿ ਰਹੇ ਹਨ।
ਬੱਚਿਆਂ ਦੀਆਂ ਘਟੀ ਗਿਣਤੀ ਦਾ ਸਿੱਧਾ ਅਸਰ ਸਕੂਲਾਂ ਵਿੱਚ ਅਧਿਆਪਕਾਂ ਦੀ ਗਿਣਤੀ 'ਤੇ ਵੀ ਪੈਣਾ ਸੁਭਾਵਿਕ ਹੈ, ਕਿਉਂਕਿ ਬੱਚਿਆਂ ਦੀ ਗਿਣਤੀ 'ਤੇ ਹੀ ਅਧਿਆਪਕਾਂ ਲਈ ਸਰਕਾਰੀ ਫੰਡਿੰਗ ਹਾਸਿਲ ਹੁੰਦੀ ਹੈ, ਭਾਵ ਵੱਧ ਬੱਚੇ ਤੇ ਵੱਧ ਫੰਡਿੰਗ। ਰੇਮੁਏਰਾ ਇੰਟਰਮੀਡੀਏਟ ਸਕੂਲ ਦੇ ਪ੍ਰਿੰਸੀਪਲ ਕਾਇਲੀ ਬਿਰਿਊਟਰਨ ਨੇ ਦੱਸਿਆ ਕਿ ਅਧਿਆਪਕਾਂ ਨੂੰ ਮਿਲਣ ਵਾਲੀ ਘੱਟ ਫੰਡਿੰਗ ਦੇ ਨਤੀਜੇ ਵਜੋਂ ਹਰ ਇੱਕ ਅਧਿਆਪਕ ਦਾ ਪ੍ਰਤੀ ਹਫਤਾ 5 ਘੰਟੇ ਦਾ ਸਮਾਂ ਸਕੂਲ ਵਿੱਚ ਘੱਟ ਜਾਏਗਾ ਤੇ ਇਸਦਾ ਸਿੱਧਾ ਅਸਰ ਪੜ੍ਹਾਈ 'ਤੇ ਪਏਗਾ। ਉਨ੍ਹਾਂ ਦੱਸਿਆ ਕਿ ਜਿੰਨੀਂ ਜਿਆਦਾ ਬੱਚਿਆਂ ਦੀ ਐਡਮੀਸ਼ਨ ਹੁੰਦੀ ਹੈ, ਉਸ ਹਿਸਾਬ ਨਾਲ ਹੀ ਅਧਿਆਪਕਾਂ ਲਈ ਸਕੂਲਾਂ ਨੂੰ ਫੰਡਿੰਗ ਜਾਰੀ ਹੁੰਦੀ ਹੈ।