ਆਕਲੈਂਡ (ਤਰਨਦੀਪ ਬਿਲਾਸਪੁਰ) ਨਿਊਜੀਲੈਂਡ ਵਿੱਚ ਪੰਜਾਬੀਆਂ ਦੀ ਦੂਸਰੀ ਪੀੜੀ ਦੇ ਕਲੱਬ ਵੱਜੋਂ ਜਾਣੇ ਜਾਂਦੇ ਅਜਾਦ ਕਲੱਬ ਦੇ ਖੇਡ ਕਮ ਸੱਭਿਆਚਾਰਕ ਮੇਲੇ ਨੇ ਸਭ ਦੇ ਦਿਲ ਜਿੱਤ ਲਏ । ਉੱਥੇ ਹੀ ਕਬੱਡੀ ਫੈਡਰੇਸ਼ਨ ਆਫ ਨਿਊਜੀਲੈਂਡ ਦੇ ਪ੍ਰਬੰਧ ਵੀ ਸ਼ਾਨਦਾਰ ਸਨ , ਜਿਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੂਰੇ ਫਸਵੇਂ ਮੈਚ ਆਯੋਜਿਤ ਹੋਏ ।
ਉਪਰੋਕਤ ਟੂਰਨਾਮੈਂਟ ਵਿੱਚ ਕਬੱਡੀ ਦੀਆਂ ਛੇ ਟੀਮਾਂ ਨੇ ਭਾਗ ਲਿਆ , ਜਿਹਨਾਂ ਵਿੱਚ ਦਸਮੇਸ਼ ਕਲੱਬ ਟੀ-ਪੁੱਕੀ , ਟਾਈਗਰ ਸਪੋਰਟਸ ਕਲੱਬ ਟੌਰੰਗਾ , ਵਾਈਕਾਟੋ ਕਲਗੀਧਰ ਸਪੋਰਟਸ ਕਲੱਬ, ਅਜਾਦ ਸਪੋਰਟਸ ਕਲੱਬ ਆਕਲੈਂਡ , ਬਾਬਾ ਭਾਗ ਸਿੰਘ ਕਲੱਬ ਹੇਸਟਿੰਗਜ ਤੇ ਸ਼ਰਨ ਬੱਲ ਸਪੋਰਟਸ ਕਲੱਬ ਟੀ-ਪੁੱਕੀ ਸ਼ਾਮਿਲ ਸਨ ।
ਫਾਈਨਲ ਮੁਕਾਬਲੇ ਵਿੱਚ ਲੰਬੇ ਸਮੇਂ ਦਾ ਸੋਕਾ ਤੋੜਦਿਆਂ ਇਸ ਬਾਰ ਬਾਬਾ ਭਾਗ ਸਿੰਘ ਕਲੱਬ ਹੇਸਟਿੰਗਜ ਨੇ ਵਾਈਕਾਟੋ ਕਲਗੀਧਰ ਕਲੱਬ ਨੂੰ ਹਰਾਕੇ ਕੱਪ ਹੇਸਟਿੰਗਜ ਦੇ ਰਾਹ ਪਾਇਆ ।
ਮੁਕਾਬਲੇ ਵਿੱਚ ਅਰਸ਼ ਬਰਨਾਲਾ ਜਿੱਥੇ ਬੈੱਸਟ ਰੇਡਰ ਨਿੱਕਲਿਆਂ ਉੱਥੇ ਹੀ ਮੈਨੀ ਦਿਆਲਪੁਰ ਬੈੱਸਟ ਸਟਾਪਰ ਘੋਸ਼ਿਤ ਹੋਇਆ ।
ਉਕਤ ਟੂਰਨਾਮੈਂਟ ਵਿੱਚ ਟਾਈਗਰ ਸਪਾਈਕਰ ਦੀ ਦੀ ਟੀਮ ਵਾਲੀਬਾਲ ਮੁਕਾਬਲੇ ਵਿੱਚ ਪਹਿਲੇ ਤੇ ਨੰਬਰ ਤੇ ਰਹੀ ਜਦੋਂ ਕਿ ਟਾਈਗਰ ਗੋਲਡ ਉੱਪ ਜੇਤੂ ਰਹੀ ।
ਖੇਡ ਮੇਲੇ ਵਿਚ ਰੈਫਰੀ ਵਜੋਂ ਭਾਊ ਜੈਤੋਂ ,ਚਾਚਾ ਲੱਖਣਕੇ ਪੱਡੇ ਨੇ ਸੇਵਾ ਨਿਭਾਈ ,ਆਫੀਸ਼ਲ ਵਜੋਂ ਸਾਬੀ ਬੋਲੀਨਾ ,ਗੁਰਮੁਖ ਸੰਧੂ ਦਿਲਾਵਰ ਹਰੀਪੁਰ ਅਤੇ ਸ਼ਿੰਦਾ ਭੋਜਰਾਜ ਨੇ ਸੇਵਾ ਨਿਭਾਈ ,ਕੁਮੈਂਟੇਟਰ ਵਜੋਂ ਰੁਪਿੰਦਰ ਜਲਾਲ ,ਬਿੱਟੂ ਰੌੜ ਅਤੇ ਅਮਨ ਰੰਧਾਵਾ ਨੇ ਜਿੰਮੇਵਾਰੀ ਨਿਭਾਈ |
ਡਸਿਪਲਨ ਕਮੇਟੀ ਵਜੋਂ ਕਬੱਡੀ ਫੈਡਰੇਸ਼ਨ ਵਲੋਂ ਪ੍ਰਧਾਨ ਬਬਲੂ ਕੁਰਕਸ਼ੇਤਰ ,ਦਰਸ਼ਨ ਨਿੱਜਰ ,ਮਨਜਿੰਦਰ ਬਾਸੀ ,ਪੰਮੀ ਬੋਲੀਨਾ ,ਇਕਬਾਲ ਬੋਦਲ ਨੇ ਜਿੰਮੇਵਾਰੀ ਨਿਭਾਈ | ਇਸ ਮੌਕੇ ਫੈਡਰੇਸ਼ਨ ਦੇ ਦਿਸ਼ਾ ਨਿਰਦੇਸ਼ਾ ਤੇ ਖਿਡਾਰੀਆਂ ਦੇ ਡਰੱਗ ਟੈਸਟ ਵੀ ਲਏ ਗਏ ਤਾਂ ਕਿ ਮਾਂ ਖੇਡ ਨੂੰ ਨਸ਼ਾ ਮੁਕਤ ਕਰਨ ਲਈ ਯਤਨ ਤੇਜ ਕੀਤੇ ਜਾ ਸਕਣ ।
ਇਸਤੋਂ ਇਲਾਵਾ ਉਕਤ ਮੇਲੇ ਵਿੱਚ ਦਿਲਪ੍ਰੀਤ ਢਿੱਲੋਂ ਦਾ ਖੁੱਲਾ ਅਖਾੜਾ ਦਰਸ਼ਕਾਂ ਦੀ ਪਸੰਦ ਹੀ ਨਹੀਂ ਬਣਿਆ ਸਗੋਂ ਪੰਜਾਬ ਵਰਗੇ ਮਾਹੌਲ ਨੂੰ ਸਿਰਜਣ ਵਿੱਚ ਵੀ ਕਾਮਯਾਬ ਰਿਹਾ ।