ਆਕਲੈਂਡ (ਹਰਪ੍ਰੀਤ ਸਿੰਘ) - ਵਿਲੀਅਮਜ਼ ਕੰਸਟਰਕਸ਼ਨ ਜੋ ਕਿ 2011 ਵਿੱਚ ਨਿਊਜੀਲੈਂਡ ਦੇ 2 ਨੌਜਵਾਨਾਂ ਵਲੋਂ ਸ਼ੁਰੂ ਕੀਤੀ ਗਈ ਸੀ ਤੇ 2017 ਤੋਂ ਬਾਅਦ ਹੁਣ ਤੱਕ ਨਿਊਜੀਲੈਂਡ ਦੀਆਂ ਸਭ ਤੇਜੀ ਨਾਲ ਵਧੀਆਂ ਨਿੱਜੀ ਕੰਸਟਰਕਸ਼ਨ ਕੰਪਨੀਆਂ ਵਿੱਚੋਂ ਇੱਕ ਬਣ ਗਈ ਸੀ।
ਕੰਪਨੀ ਦਾ ਕਾਰੋਬਾਰ ਨਿਊਜੀਲੈਂਡ ਤੋਂ ਇਲਾਵਾ ਆਸਟ੍ਰੇਲੀਆ ਤੇ ਏਸ਼ੀਆ ਵਿੱਚ ਵੀ ਚੱਲਦਾ ਹੈ, ਤੇਜੀ ਦੌਰਾਨ ਕੰਪਨੀ ਨੇ 800 ਘਰ ਪ੍ਰਤੀ ਸਾਲ ਬਣਾ ਕੇ ਵੇਚੇ ਤੇ ਮਾਲਕ ਬਲੇਅਰ ਚੈਪਲ ਤੇ ਮੈਥਿਊ ਹੋਰਨ ਕੈਸਲ ਦਾ ਟੀਚਾ 1600 ਘਰ ਪ੍ਰਤੀ ਸਾਲ ਬਣਾ ਕੇ ਵੇਚਣ ਦਾ ਸੀ। ਪਰ ਰੀਅਲ ਅਸਟੇਟ ਵਿੱਚ ਹਾਲਾਤ ਤੇਜੀ ਨਾਲ ਬਦਲੇ ਤੇ ਕੰਪਨੀ ਬੀਤੇ ਸਾਲ ਸਿਰਫ 500 ਘਰ ਬਣਾਕੇ ਹੀ ਵੇਚ ਸਕੀ। 200 ਦੇ ਕਰੀਬ ਵਰਕਫੋਰਸ ਨਾਲ ਕੰਮ ਕਰਨ ਵਾਲੀ ਕੰਪਨੀ ਕੋਲ ਸਟਾਫ ਲੋੜ ਤੋਂ ਵੱਧ ਗਿਆ ਹੈ ਤੇ ਬੀਤੇ ਦਿਨੀਂ ਕੰਪਨੀ ਮਾਲਕਾਂ ਵਲੋਂ ਕਰਮਚਾਰੀਆਂ ਨੂੰ 15% ਤੋਂ 30% ਕਰਮਚਾਰੀਆਂ ਦੀ ਛਾਂਟੀ ਕੀਤੇ ਜਾਣ ਦੀ ਗੱਲ ਆਖੀ ਗਈ, ਈਮੇਲ ਵਿੱਚ ਲਿਖਿਆ ਗਿਆ ਹੈ ਕਿ ਜੋ ਆਪਣੀ ਮਰਜੀ ਨਾਲ ਕੰਮ ਛੱਡ ਕੇ ਜਾਣਾ ਚਾਹੁੰਦੇ ਹਨ, ਉਨ੍ਹਾਂ ਨੂੰ ਇੱਕ ਮਹੀਨੇ ਦੀ ਤਨਖਾਹ ਵੀ ਦਿੱਤੀ ਜਾਏਗੀ।
ਕੰਪਨੀ ਦੇ ਨਿਊਜੀਲੈਂਡ ਵਿੱਚ 120 ਕਰਮਚਾਰੀ ਕੰਮ ਕਰਦੇ ਹਨ, ਜਦਕਿ ਬਾਕੀ ਦੇ ਵਿਦੇਸ਼ਾਂ ਵਿੱਚ ਤੇ ਇਹ ਫੈਸਲਾ ਸਿਰਫ ਨਿਊਜੀਲੈਂਡ ਦੇ ਕਰਮਚਾਰੀਆਂ ਲਈ ਹੀ ਨਹੀਂ, ਬਲਕਿ ਸਾਰੇ ਕਰਮਚਾਰੀਆਂ ਲਈ ਹੀ ਹੈ।