ਆਕਲੈਂਡ (ਹਰਪ੍ਰੀਤ ਸਿੰਘ) - ਤਾਜਾ ਸਾਹਮਣੇ ਆਈ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਇਮੀਗ੍ਰੇਸ਼ਨ ਨਿਊਜੀਲੈਂਡ ਵਲੋਂ ਹਜਾਰਾਂ ਦੀ ਗਿਣਤੀ ਵਿੱਚ ਫੈਮਿਲੀ ਟੂਰੀਸਟ ਵੀਜੇ ਦੀਆਂ ਫਾਈਲਾਂ 'ਤੇ ਮਹੀਨਿਆਂ ਬਾਅਦ ਵੀ ਅਜੇ ਤੱਕ ਪ੍ਰੋਸੈਸਿੰਗ ਵੀ ਸ਼ੁਰੂ ਨਹੀਂ ਕੀਤੀ ਗਈ ਸੀ। ਇਹ ਫਾਈਲਾਂ ਅਗਸਤ ਤੇ ਸਤੰਬਰ ਵਿੱਚ ਲਾਈਆਂ ਗਈਆਂ ਸਨ ਤੇ ਇਮੀਗ੍ਰੇਸ਼ਨ ਨਿਊਜੀਲੈਂਡ ਦੇ ਨਵੇਂ ਸ਼ੁਰੂ ਕੀਤੇ ਆਨਲਾਈਨ ਸਿਸਟਮ 'ਏ ਡੀ ਈ ਪੀ ਟੀ' ਸਿਸਟਮ ਨੇ ਇਨ੍ਹਾਂ ਨੂੰ ਅਪਗਰੇਡ ਹੀ ਨਹੀਂ ਕੀਤਾ, ਜਿਸ ਕਾਰਨ ਫੈਮਿਲੀ ਕੈਟੇਗਰੀ ਤਹਿਤ ਲਾਈਆਂ ਪੈਰੇਂਟਸ ਤੇ ਗਰੇਂਡ ਪੈਰੇਂਟਸ ਦੀਆਂ ਇਹ ਟੂਰਿਸਟ ਫਾਈਲਾਂ 3 ਮਹੀਨੇ ਤੋਂ ਲਮਕੀਆਂ ਪਈਆਂ ਸਨ।
ਇਸ ਸਬੰਧੀ ਉਸ ਵੇਲੇ ਪਤਾ ਲੱਗਾ ਜਦੋਂ ਸਾਊਥ ਅਫਰੀਕਾ ਦੀ ਇੱਕ ਪ੍ਰਵਾਸੀ ਮਹਿਲਾ ਨੇ ਇਮੀਗ੍ਰੇਸ਼ਨ ਨਿਊਜੀਲੈਂਡ ਨੂੰ ਫੋਨ ਕਰਕੇ ਆਪਣੇ ਮਾਪਿਆਂ ਦੇ ਟੂਰੀਸਟ ਵੀਜੇ ਲਈ ਹੋਈ ਦੇਰੀ ਬਾਰੇ ਪੁੱਛਿਆ ਤੇ ਫਿਰ ਇਹ ਮਾਮਲਾ ਸਾਹਮਣੇ ਆਇਅਤ ਤੇ ਉਸਦੇ ਮਾਪਿਆਂ ਨੂੰ ਤੁਰੰਤ ਵੀਜਾ ਜਾਰੀ ਕੀਤਾ ਗਿਆ।
ਇਮੀਗ੍ਰੇਸ਼ਨ ਨਿਊਜੀਲੈਂਡ ਹੁਣ ਇਸ ਸਬੰਧੀ ਵੀਜੇ ਜਾਰੀ ਕਰਨ ਦੀ ਗੱਲ ਕਹਿ ਰਹੀ ਹੈ, ਪਰ ਸਿਸਟਮ ਦੀ ਇਸ ਗਲਤੀ ਕਾਰਨ ਖਮਿਆਜਾ ਫਿਰ ਤੋਂ ਪ੍ਰਵਾਸੀਆਂ ਨੂੰ ਹੀ ਭੁਗਤਣਾ ਪੈ ਰਿਹਾ ਹੈ, ਕਿਉਂਕਿ ਕ੍ਰਿਸਮਿਸ ਨਜਦੀਕ ਆ ਗਿਆ ਹੈ ਤੇ 2 ਮਹੀਨੇ ਪਹਿਲਾਂ ਜਹਾਜਾਂ ਦੀਆਂ ਟਿਕਟਾਂ ਤੇ ਹੁਣ ਦੇ ਟਿਕਟਾਂ ਦੇ ਮੁੱਲਾਂ ਵਿੱਚ ਬਹੁਤ ਫਰਕ ਹੈ।