ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ਼ ਬਿਊਰੋ)
ਨਿਊਜ਼ੀਲੈਂਡ ਦਾ ਹੈੱਲਥ ਕੇਅਰ ਸੈਕਟਰ ਇਸ ਵੇਲੇ ਸੁਪੋਰਟ ਵਰਕਰਾਂ ਦੀ ਵੱਡੀ ਘਾਟ ਨਾਲ ਜੂਝ ਰਿਹਾ ਹੈ। ਜਿਸ ਕਰਕੇ ਚੰਗੀ ਤਨਖਾਹ ਦੇਣ ਵਾਲੇ ਹਸਪਤਾਲ `ਚ ਕੰਮ ਕਰਨ ਵਾਲੇ ਵਰਕਰ ਵੀ ਉੱਥੇ ਟਿਕ ਨਹੀਂ ਰਹੇ। ਮੰਨਿਆ ਜਾ ਰਿਹਾ ਹੈ ਇਸ ਵੇਲੇ ਸੀਕ ਵੈਬਸਾਈਟ `ਤੇ ਇੱਕ ਹਜ਼ਾਰ ਤੋਂ ਵੱਧ ਸੁਪੋਰਟ ਵਰਕਰਾਂ ਦੀਆਂ ਅਸਾਮੀਆਂ ਵਾਸਤੇ ਅਰਜ਼ੀਆਂ ਪਈਆਂ ਹਨ। ਪਰ ਉਸ ਹਿਸਾਬ ਨਾਲ ਵਰਕਰ ਨਹੀਂ ਮਿਲ ਰਹੇ।
ਪ੍ਰਾਪਤ ਜਾਣਕਾਰੀ ਅਨੁਸਾਰ ਖਾਸ ਕਰਕੇ ਨੌਜਵਾਨ ਪੀੜ੍ਹੀ ਨਾਲ ਸਬੰਧਤ ਡਿਸਏਬਲ ਲੋਕਾਂ ਨੂੰ ਬਹੁਤ ਦਿੱਕਤ ਮਹਿਸੂਸ ਹੋ ਰਹੀ ਹੈ, ਕਿਉਂਕਿ ਉਨ੍ਹਾਂ ਨੂੰ ਉਨ੍ਹਾਂ ਦੇ ਹਾਣ ਦੇ ਕੇਅਰ ਵਰਕਰ ਨਹੀਂ ਮਿਲ ਰਹੇ, ਜਿਸ ਕਰਕੇ ਉਨ੍ਹਾਂ ਨੂੰ ਬਾਹਰ ਜਾਣ ਸਮੇਂ ਬਹੁਤ ਔਖ ਮਹਿਸੂਸ ਹੁੰਦੀ ਹੈ।
ਉਦਾਹਰਨ ਦੇ ਤੌਰ `ਤੇ 25 ਸਾਲਾ ਡਿਸਏਬਲਡ ਕੁੜੀ ਸੋਫੀਆ ਨੂੰ ਚੌਵੀ ਘੰਟੇ ਸੱਤੇ ਦਿਨ ਸੁਪੋਰਟ ਵਰਕਰ ਦੀ ਲੋੜ ਪੈਂਦੀ ਹੈ, ਛੇ ਸਾਲ ਪਹਿਲਾਂ ਘੋੜ ਸਵਾਰੀ ਦੌਰਾਨ ਵਾਪਰੀ ਘਟਨਾ ਕਰਕੇ ਪੈਰਾਲਾਈਜ ਹੋ ਗਈ ਸੀ। ਜਿਸ ਕਰਕੇ ਵੱਡੀ ਉਮਰ ਦੇ ਸੁਪੋਰਟ ਵਰਕਰਾਂ ਨਾਲ ਬਾਹਰ ਜਾਣ ਸਮੇਂ ਅਕਸਰ ਝਿਜਕਦੀ ਸੀ। ਪਰ ਉਸ ਨੇ 2 ਸਾਲ ਪਹਿਲਾਂ ਆਪਣੀ ਹਾਣ ਦੀ ਇੱਕ ਹੋਰ ਕੁੜੀ ਇੰਡੀ ਨੂੰ ਆਪਣੀ ਸੁਪਪੋਰਟ ਵਰਕਰ ਰੱਖ ਲਿਆ, ਜੋ ਆਕਲੈਂਡ ਵਿੱਚ ਐਕਟਿੰਗ ਕਰੀਅਰ ਬਣਾਉਣ ਵਾਸਤੇ ਆਈ ਸੀ। ਇੰਡੀ ਨੂੰ ਉਸ ਵੇਲੇ ਘਰ ਦਾ ਰੈਂਟ ਦੇਣਾ ਔਖਾ ਹੋ ਗਿਆ ਸੀ ਅਤੇ ਉਸਨੇ ਝਿਜਕ ਵਿਖਾਉਣ ਤੋਂ ਬਾਅਦ ਸੁਪੋਰਟ ਵਰਕਰ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ।
ਟੀ ਪਾਉ ਦੀ ਡਿਸਟੇਬਿਲਟੀ ਡਿਵੈੱਲਪਮੈਂਟ ਵਰਕਰ ਫੋਰਸ ਪ੍ਰੋਗਰਾਮ ਦੇ ਨੈਸ਼ਨਲ ਮੈਨੇਜਰ ਮੈਨਸੇ ਲੂਆ ਦਾ ਕਹਿਣਾ ਹੈ ਕਿ ਸੀਕ ਵੈੱਬਸਾਈਟ `ਤੇ ਇਸ ਵੇਲੇ ਸੁਪੋਰਟ ਵਰਕਰਾਂ ਦੀਆਂ ਇੱਕ ਹਜ਼ਾਰ ਤੋਂ ਵੱਧ ਅਸਾਮੀਆਂ ਖਾਲੀ ਪਈਆਂ ਹਨ ਅਤੇ ਇੰਡੀ ਵਰਗੇ ਵਧੀਆ ਵਰਕਰਾਂ ਦੀ ਘਾਟ ਹੈ। ਜਿਸ ਕਰਕੇ ਹੁਣ ਉਹ ਮਾਉਰੀ, ਪੈਸੀਫਿਕ ਅਤੇ ਏਸ਼ੀਅਨ ਕਮਿਊਨਿਟੀਜ ਨਾਲ ਸੰਪਰਕ ਕਰ ਰਹੇ ਤਾਂ ਜੋ ਮਰਦ ਵੀ ਇਸ ਖੇਤਰ ਵਿੱਚ ਆ ਸਕਣ, ਕਿਉਂਕਿ ਅੱਜਕੱਲ੍ਹ ਯੂਰਪੀਅਨ ਔਰਤਾਂ ਹੀ ਜਿਆਦਾਤਰ ਇਸ ਖੇਤਰ ਵਿੱਚ ਹਨ, ਜਿਨ੍ਹਾਂ ਦੀ ਉਮਰ 50 ਸਾਲਾਂ ਤੋਂ ਉੱਤੇ ਹੈ।
ਲੂਆ ਨੇ ਦੱਸਿਆ ਸੁਪੋਰਟ ਵਰਕਰ ਵਜੋਂ ਕੰਮ ਕਰਨ ਲਈ ਕਿਸੇ ਕਿਸਮ ਦੀ ਟਰੇਨਿੰਗ ਦੀ ਲੋੜ ਨਹੀਂ ਸਗੋਂ ਉਨ੍ਹਾਂ ਨੂੰ ਜੌਬ ਦੌਰਾਨ ਟਰੇਨਿੰਗ ਦੇ ਕੇ ਉਨ੍ਹਾਂ ਦੀ ਸਕਿਲਜ ਵਧਾ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਜੌਬ ਨਹੀਂ ਹੈ, ਸਗੋਂ ਅਜਿਹਾ ਕਰੀਅਰ ਹੈ, ਜਿੱਥੇ ਮਨੁੱਖ, ਮਨੁੱਖ ਦੀ ਸਹਾਇਤਾ ਵਾਸਤੇ ਅੱਗੇ ਆਉਂਦਾ ਹੈ। ਜਿਸ ਕਰਕੇ ਜਿਗਰੇ ਵਾਲਾ ਹੀ ਇਸ ਜੌਬ ਵਿੱਚ ਆਉਂਦਾ ਹੈ।
ਇਸ ਸਬੰਧੀ ਡਿਸਏਬਿਲਟੀ ਸੁਪੋਰਟ ਨੈੱਟਵਰਕ ਦੇ ਸੀਈਉ ਦਾ ਕਹਿਣਾ ਹੈ ਹਸਪਤਾਲਾਂ ਵਿੱਚ ਕੰਮ ਕਰਨ ਵਾਲੇ ਹੈੱਲਥ ਕੇਅਰ ਅਸਿਸਟੈਂਟਸ ਦੀਆਂ ਤਨਖ਼ਾਹਾਂ `ਚ 30 ਫ਼ੀਸਦ ਵਾਧਾ ਹੋਣ ਵਾਲਾ ਹੈ, ਜਿਨ੍ਹਾਂ ਦੀ ਜੌਬ ਸੁਪੋਰਟ ਵਰਕਰਾਂ ਦੇ ਨਾਲ ਮਿਲਦੀ-ਜੁਲਦੀ ਹੈ। ਜਿਸ ਕਰਕੇ ਅਗਲੇ ਸਮੇਂ ਦੌਰਾਨ ਸੁਪੋਰਟ ਵਰਕਰ ਵੀ ਵੱਧ ਤਨਖਾਹ ਲੈਣ ਲਈ ਡਿਸਟ੍ਰਿਕ ਹੈੱਲਥ ਬੋਰਡਾਂ `ਚ ਜੌਬ ਕਰਨ ਨੂੰ ਤਰਜੀਹ ਦੇਣਗੇ।
ਸਿੱਟੇ ਵਜੋਂ, ਅਜਿਹਾ ਹੋਣ ਨਾਲ ਪ੍ਰਾਈਵੇਟ ਸੈਕਟਰ ਵਿੱਚ ਸੁਪੋਰਟ ਵਰਕਰਾਂ ਦੀ ਘਾਟ ਵਾਲੀ ਗਿਣਤੀ ਹੋਰ ਵੀ ਵਧ ਜਾਵੇਗੀ।