ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਦਿਨੀਂ ਆਕਲੈਂਡ ਦੇ ਸੈਂਡਰੀਂਗਮ ਵਿੱਚ ਸਥਿਤ 'ਰੋਜ਼ ਸੁਪਰੇਟ' 'ਤੇ ਲੁੱਟ ਦੀ ਵਾਰਦਾਤ ਦੌਰਾਨ ਕਤਲ ਹੋਏ 34 ਸਾਲਾ ਭਾਰਤੀ ਨੌਜਵਾਨ ਸਬੰਧੀ ਦਿਲ ਨੂੰ ਪਸੀਜ ਦੇਣ ਵਾਲੇ ਅਜਿਹੇ ਤੱਥ ਸਾਹਮਣੇ ਆਏ ਹਨ, ਜਿਨ੍ਹਾਂ ਨੂੰ ਜਾਣ ਕਿਸੇ ਦਾ ਵੀ ਰੋਣਾ ਨਿਕਲ ਜਾਏ।
ਗੁਜਰਾਤੀ ਮੂਲ ਦੇ ਇਸ ਨੌਜਵਾਨ ਦਾ ਵਿਆਹ ਅਜੇ ਕੁਝ ਸਮਾਂ ਪਹਿਲਾਂ ਹੀ ਹੋਇਆ ਸੀ ਤੇ ਆਲੇ-ਦੁਆਲੇ ਰਹਿੰਦੇ ਗੋਰੇ ਵੀ ਇਸ ਜੋੜੇ ਨੂੰ ਬਹੁਤ ਖੁਸ਼ ਰਹਿਣ ਵਾਲੇ ਜੋੜੇ ਵਜੋਂ ਜਾਣਦੇ ਸਨ।
ਪਰਿਵਾਰ ਦੀ ਮਿੱਤਰ ਵਿਥਿਆ ਨੇ ਭਾਰੇ ਮਨ ਨਾਲ ਇਸ ਸਬੰਧੀ ਦੱਸਿਆ ਨੌਜਵਾਨ ਜੋ ਡੇਅਰੀ ਦੀ ਸ਼ਾਪ ਸੰਭਾਲ ਰਿਹਾ ਸੀ, ਉਹ ਉਸਦਾ ਮਾਲਕ ਨਹੀਂ ਸੀ, ਬਲਕਿ ਮਾਲਕ 3 ਮਹੀਨੇ ਲਈ ਇੰਡੀਆ ਗਏ ਹੋਏ ਸਨ ਤੇ ਨੌਜਵਾਨ ਕਾਰੋਬਾਰ ਨੂੰ ਆਰਜੀ ਤੌਰ 'ਤੇ ਸੰਭਾਲ ਰਿਹਾ ਸੀ।
ਮਾਲਕਾਂ ਦੇ ਨਿਊਜੀਲੈਂਡ ਆਉਣ ਤੋਂ ਬਾਅਦ ਨੌਜਵਾਨ ਦਾ ਵਿਚਾਰ ਆਪਣੀ ਡੇਅਰੀ ਦੀ ਸ਼ਾਪ ਕਰਨਾ ਸੀ ਤੇ ਨਾਲ ਹੀ ਜਲਦ ਹੀ ਆਪਣੇ ਪਰਿਵਾਰ ਨੂੰ ਅੱਗੇ ਵਧਾਉਂਦਿਆਂ ਇਸੇ ਇਲਾਕੇ ਵਿੱਚ ਆਪਣੇ ਲਈ ਇੱਕ ਘਰ ਖ੍ਰੀਦਣਾ ਵੀ ਸੀ, ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜੂਰ ਸੀ ਤੇ ਇਹ ਅਨਹੋਣੀ ਇਸ ਹੱਸਦੇ-ਵੱਸਦੇ ਪਰਿਵਾਰ ਨਾਲ ਵਾਪਰ ਗਈ।
ਨੌਜਵਾਨ ਨੂੰ ਸ਼ਰਧਾਂਜਲੀ ਦੇਣ ਲਈ ਹਰ ਇੱਕ ਕਮਿਊਨਿਟੀ ਤੋਂ ਲੋਕ ਪੁੱਜ ਰਹੇ ਹਨ।