ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ਼ ਬਿਊਰੋ)
ਨਿਊਜ਼ੀਲੈਂਡ ਵਿੱਚ ਬੰਧੂਆ ਮਜ਼ਦੂਰੀ ਦਾ ਇੱਕ ਹੋਰ ਕਿੱਸਾ ਸਾਹਮਣੇ ਆਇਆ ਹੈ। ਹਾਲਾਤ ਇੰਨੇ ਤਰਸਯੋਗ ਹਨ ਵਰਕਰ ਨੂੰ ਵਿਆਹ ਵਾਸਤੇ ਵੀ ਛੁੱਟੀ ਨਹੀਂ ਦਿੱਤੀ ਗਈ, ਜਿਸ ਕਰਕੇ ਉਸਨੂੰ ਵੀਕਲੀ ਡੇਅ ਔਫ ਵਾਲੇ ਬੱੁਧਵਾਰ ਨੂੰ ਹੀ ਵਿਆਹ ਕਰਵਾਉਣਾ ਪਿਆ ਅਤੇ ਅਗਲੇ ਦਿਨ ਕੰਮ `ਤੇ ਹਾਜ਼ਰ ਹੋਣਾ ਪਿਆ। ਰੈਸਟੋਰੈਂਟ ਦਾ ਮਾਲਕ ਅਤੇ ਵਰਕਰ ਦੋਵੇਂ ਹੀ ਭਾਰਤੀ ਮੂਲ ਦੇ ਹਨ।
ਸਟੱਫ ਦੀ ਇੱਕ ਰਿਪੋਰਟ ਅਨੁਸਾਰ ਇਹ ਕਹਾਣੀ ਸੰਜੇ ਦੀ ਹੈ, ਜੋ ਸਾਲ 2014 `ਚ ਨਿਊਜ਼ੀਲੈਂਡ ਵਿੱਚ ਸਟੱਡੀ ਵੀਜ਼ੇ `ਤੇ ਆਇਆ ਸੀ। ਦੋ ਸਾਲ ਦੀ ਪੜ੍ਹਾਈ ਤੋਂ ਬਾਅਦ ਉਸਨੇ ਵਲੰਿਗਟਨ ਵਿੱਚ ਇੱਕ ਰੈਸਟੋਰੈਂਟ `ਤੇ ਵੇਟਰ ਜੌਬ ਲੱਭ ਲਈ ਸੀ। ਜਿੱਥੇ ਮਾਲਕ ਨੇ ਹੌਲੀ-ਹੌਲੀ ਉਸਨੂੰ ਬੰਧੂਆ ਮਜ਼ਦੂਰ ਸਮਝਣਾ ਸ਼ੁਰੂ ਕਰ ਦਿੱਤਾ।
ਕਥਿਤ ਸੋਸ਼ਣ ਦਾ ਸਿ਼ਕਾਰ ਹੋਏ ਸੰਜੇ ਨੇ ਦਾਅਵਾ ਕੀਤਾ ਹੈ ਕਿ ਭਾਵੇਂ ਉਸਨੂੰ ਜੌਬ ਦੇਣ ਸਮੇਂ ਮਾਲਕ ਨੇ 17 ਡਾਲਰ ਪ੍ਰਤੀ ਘੰਟੇ ਦੇ ਹਿਸਾਬ ਨਾਲ ਦੇਣ ਦਾ ਵਾਅਦਾ ਕੀਤਾ ਸੀ ਪਰ ਕਈ ਵਾਰ ਉਸਦੇ ਪੱਲੇ ਸਿਰਫ਼ 7 ਡਾਲਰ ਹੀ ਪੈਂਦੇ ਰਹੇ ਹਨ। ਜਿਸ ਦੌਰਾਨ ਉਸਨੇ 40 ਘੰਟੇ ਪ੍ਰਤੀ ਹਫ਼ਤੇ ਦੇ ਹਿਸਾਬ ਨਾਲ ਜੌਬ ਕੰਟਰੈਕਟ ਦੇ ਹੁੰਦਿਆਂ ਹੋਇਆਂ ਮਾਲਕ ਨੇ ਉਸ ਤੋਂ ਕਈ 70-70 ਘੰਟੇ ਕੰਮ ਕਰਵਾਇਆ। ਕਈ ਵਾਰ ਤਾਂ ਉਹ ਰੈਸਟੋਰੈਂਟ ਵਿੱਚ 87-87 ਘੰਟੇ ਵੀ ਕੰਮ ਕਰਦਾ ਸੀ।
ਹੁਣ ਉਹ ਇੰਪਲੋਏਮੈਂਟ ਰਿਲੇਸ਼ਨਜ ਅਥਾਰਿਟੀ ਦੀ ਸਹਾਇਤਾ ਨਾਲ ਬੀਤੇ ਸਮੇਂ `ਚ ਹੋਏ ਸ਼ੋਸ਼ਣ ਦੀ ਭਰਪਾਈ ਕਰਨਾ ਚਾਹੁੰਦਾ ਹੈ। ਇਕ ਅੰਦਾਜ਼ੇ ਅਨੁਸਾਰ ਉਸਦਾ ਮਾਲਕ ਵੱਲ ਇੱਕ ਲੱਖ ਡਾਲਰ ਬਕਾਇਆ ਬਣਦਾ ਹੈ, ਕਿਉਂਕਿ ਉਸਨੂੰ ਕਦੇ ਵੀ ਲੋਹੜੀ-ਦਿਵਾਲੀ ਮਨਾਉਣ ਵਾਸਤੇ ਛੁੱਟੀ ਨਹੀਂ ਮਿਲੀ ਅਤੇ ਨਾ ਹੀ ਕਦੇ ਸਲਾਨਾ ਛੁੱਟੀ ਮਿਲੀ ਸੀ।
ਵਰਕਰਾਂ ਨਾਲ ਹੁੰਦੇ ਸੋਸ਼ਣ ਦੇ ਮਾਮਲਿਆਂ ਨਾਲ ਨਜਿੱਠਣ ਵਾਲੀ ਬੈਰਿਸਟਰ ਧੀਲਮ ਨਾਈਟਿੰਗਏਲ ਦਾ ਕਹਿਣਾ ਹੈ ਕਿ ਮਾਈਗਰੈਂਟ ਵਰਕਰਾਂ ਨੂੰ ਸੋਸ਼ਣ ਤੋਂ ਬਚਾਉਣ ਲਈ ਲਿਆਂਦੇ ਗਏ ਨਵੇਂ ਬਿੱਲ ਦੇ ਬਾਵਜੂਦ ਕਈ ਚੋਰ-ਮੋਰੀਆਂ ਹਨ, ਜਿਨ੍ਹਾਂ ਦਾ ਫਾਇਦਾ ਮਾਲਕ ਉਠਾ ਲੈਂਦੇ ਹਨ। ਉਨ੍ਹਾਂ ਦੱਸਿਆ ਕਿ ਅਜਿਹੇ ਕਈ ਕੇਸਾਂ ਦੀ ਕਹਾਣੀਆਂ ਲਗਪਗ ਇੱਕੋ ਜਿਹੀਆਂ ਹਨ।