ਆਕਲੈਂਡ (ਹਰਪ੍ਰੀਤ ਸਿੰਘ) - ਇਮੀਗ੍ਰੇਸ਼ਨ ਨਿਊਜੀਲੈਂਡ ਦਾ ਕੰਮ ਕਰਨ ਦਾ ਢੰਗ ਬਿਲਕੁਲ ਵੀ ਵਧੀਆ ਨਹੀਂ ਹੈ ਤੇ ਆਏ ਦਿਨ ਆਈ ਐਨ ਜੈਡ ਵਲੋਂ ਬਿਨ੍ਹਾਂ ਸੋਚੇ-ਸਮਝੇ ਲਏ ਅਜਿਹੇ ਫੈਸਲੇ ਸਾਹਮਣੇ ਆਉਂਦੇ ਰਹਿੰਦੇ ਹਨ, ਜਿਨ੍ਹਾਂ ਦਾ ਖਮਿਆਜਾ ਪ੍ਰਵਾਸੀਆਂ ਨੂੰ ਮਾਨਸਿਕ ਤੇ ਆਰਥਿਕ ਪ੍ਰੇਸ਼ਾਨੀ ਦੇ ਨਾਲ ਚੁਕਾਉਣਾ ਪੈਂਦਾ ਹੈ।
ਤਾਜਾ ਮਾਮਲਾ ਹੈ ਹੰਗਰੀ ਦੇ ਕਪੀਟੀ ਕੋਸਟ ਰਹਿੰਦੇ ਪਰਿਵਾਰ ਦਾ ਜੋ ਕੈਟਰਿੰਗ ਦਾ ਤੇ ਇਵੈਂਟ ਮੈਨੇਜਮੈਂਟ ਦਾ ਬਹੁਤ ਵਧੀਆ ਕਾਰੋਬਾਰ ਕਈ ਸਾਲਾਂ ਤੋਂ ਚਲਾਉਂਦੇ ਆ ਰਹੇ ਹਨ, ਇਹ ਕਾਰੋਬਾਰ ਪਰਿਵਾਰ ਤੋਂ ਇਲਾਵਾ ਹੋਰਾਂ ਕਈਆਂ ਨੂੰ ਵੀ ਰੋਜਗਾਰ ਦੇ ਮੌਕੇ ਦਿੰਦਾ ਹੈ।
ਇਵੇਟ ਕਿਰਕੇਸ ਤੇ ਉਸਦਾ ਪਰਿਵਾਰ ਜਿਸ ਵਿੱਚ ਪਤੀ ਸਮੇਤ 3 ਪੁੱਤਰ ਵੀ ਸ਼ਾਮਿਲ ਹਨ, ਅਪ੍ਰੈਲ 2017 ਵਿੱਚ ਹੰਗਰੀ ਤੋਂ ਨਿਊਜੀਲੈਂਡ ਇੰਟਰਪ੍ਰਿਨਿਉਰਿਅਲ ਵੀਜੇ 'ਤੇ ਆਏ ਸਨ। ਐਕਸਪੋਰਟ ਕਾਰੋਬਾਰ ਨਾ ਚੱਲਿਆ ਤਾਂ ਉਨ੍ਹਾਂ ਕੈਟਰਿੰਗ ਤੇ ਇਵੈਂਟ ਮੈਨੇਜਮੈਂਟ ਦਾ ਕਾਰੋਬਾਰ ਸ਼ੁਰੂ ਕੀਤਾ। ਕਾਰੋਬਾਰ ਅਜਿਹਾ ਚੱਲਿਆ ਕਿ ਹੁਣ ਕਾਰੋਬਾਰ 'ਤੇ 1500 ਜਣਿਆਂ ਦੀ ਕੈਟਰਿੰਗ ਤੱਕ ਦੇ ਆਰਡਰ ਭੁਗਤਾਏ ਜਾਂਦੇ ਹਨ।
ਪਰ ਬੀਤੀ 28 ਨਵੰਬਰ ਇਮੀਗ੍ਰੇਸ਼ਨ ਵਿਭਾਗ ਨੇ ਪਰਿਵਾਰ ਨੂੰ ਪੱਕੇ ਹੋਣ ਦੀ ਲਾਈ ਫਾਈਲ ਸਬੰਧੀ ਈਮੇਲ ਕੀਤੀ ਕਿ ਉਨ੍ਹਾਂ ਦੀ ਪੱਕੇ ਹੋਣ ਦੀ ਫਾਈਲ ਰੱਦ ਕਰ ਦਿੱਤੀ ਗਈ ਹੈ, ਕਿਉਂਕਿ ਉਹ ਜਿਸ ਵੀਜੇ 'ਤੇ ਆਏ ਸਨ, ਨਿਯਮਾਂ ਤਹਿਤ ਉਨ੍ਹਾਂ ਲਈ ਐਕਸਪੋਰਟ ਦਾ ਕਾਰੋਬਾਰ ਕਰਨਾ ਲਾਜਮੀ ਸੀ ਤੇ ਉਨ੍ਹਾਂ ਨੂੰ 42 ਦਿਨ ਦਾ ਸਮਾਂ ਦਿੱਤਾ ਗਿਆ ਨਿਊਜੀਲੈਂਡ ਛੱਡਣ ਲਈ।
ਏਵਿਟ ਤੇ ਉਸਦਾ ਪਰਿਵਾਰ ਇਸ ਗੱਲ ਤੋਂ ਬਹੁਤ ਜਿਆਦਾ ਵੱਡੇ ਮਾਨਸਿਕ ਸਦਮੇ ਵਿੱਚ ਹਨ ਕਿ ਜਦੋਂ ਉਹ ਬੀਤੇ ਕਈ ਸਾਲਾਂ ਤੋਂ ਇਸ ਕਾਰੋਬਾਰ ਵਿੱਚ ਹਨ, ਟੈਕਸ ਭਰ ਰਹੇ ਹਨ, ਅਰਥਚਾਰੇ ਲਈ ਲਾਭਦਾਇਕ ਸਿੱਧ ਹੋ ਰਹੇ ਹਨ ਤਾਂ ਇਮੀਗ੍ਰੇਸ਼ਨ ਅਜਿਹੇ ਵਿੱਚ ਉਨ੍ਹਾਂ ਵਲੋਂ ਨਿਊਜੀਲੈਂਡ ਆਰਥਿਕਤਾ ਲਈ ਪਾਏ ਜਾ ਰਹੇ ਯੋਗਦਾਨ ਨੂੰ ਕਿਉਂ ਨਹੀਂ ਦੇਖਦੀ।
ਏਵਿਟ ਨੇ ਇਹ ਵੀ ਦੱਸਿਆ ਕਿ ਬੀਤੇ ਲੰਬੇ ਸਮੇਂ ਤੋਂ ਪਰਿਵਾਰ ਕਈ ਸਮਾਜ ਭਲਾਈ ਦੇ ਕੰਮਾਂ ਵਿੱਚ ਵਿੱਚ ਆਪਣਾ ਯੋਗਦਾਨ ਦਿੰਦਾ ਰਿਹਾ ਹੈ।
ਨਿਊਜੀਲੈਂਡ ਵਾਸੀ ਪਰਿਵਾਰ ਨਾਲ ਕਿੰਨੀ ਹਮਦਰਦੀ ਰੱਖਦੇ ਹਨ, ਇਸ ਗੱਲ ਤੋਂ ਸਾਬਿਤ ਹੁੰਦਾ ਹੈ ਕਿ ਬੀਤੇ 2 ਦਿਨਾਂ ਵਿੱਚ ਹੀ ਡਿਪੋਰਟੇਸ਼ਨ ਦੇ ਫੈਸਲੇ ਵਿਰੁੱਧ ਸ਼ੁਰੂ ਕੀਤੀ ਪਟੀਸ਼ਨ 'ਤੇ 35,000 ਲੋਕਾਂ ਨੇ ਹਸਤਾਖਰ ਕਰ ਦਿੱਤੇ ਹਨ।