ਆਕਲੈਂਡ (ਹਰਪ੍ਰੀਤ ਸਿੰਘ) - ਇਸ ਵੇਲੇ 100,000 ਦੇ ਕਰੀਬ ਲੋਕ ਨਿਊਜੀਲੈਂਡ ਦੇ ਰੈਜੀਡੈਂਸ ਵੀਜਾ ਦੀ ਉਡੀਕ ਕਰ ਰਹੇ ਹਨ, ਪਰ ਦੂਜੇ ਪਾਸੇ ਅਕਸਰ ਹੀ ਸੁਰਖੀਆਂ ਵਿੱਚ ਰਹਿਣ ਵਾਲੀ ਇਮੀਗ੍ਰੇਸ਼ਨ ਨਿਊਜੀਲੈਂਡ ਵਲੋਂ ਗਲਤੀ ਨਾਲ ਕਈ ਲੋਕਾਂ ਨੂੰ 2 ਵਾਰ ਰੈਜੀਡੈਂਸੀ ਵੀਜਾ ਜਾਰੀ ਕਰ ਦਿੱਤੇ ਗਏ ਹਨ ਤੇ ਹੈਰਾਨੀ ਦੀ ਗੱਲ ਇਹ ਹੈ ਕਿ ਇਮੀਗ੍ਰੇਸ਼ਨ ਨਿਊਜੀਲੈਂਡ ਨੂੰ ਖੁਦ ਵੀ ਇਸ ਬਾਰੇ ਨਹੀਂ ਪਤਾ ਕਿ ਇਹ ਗਲਤੀ ਉਨ੍ਹਾਂ ਕੋਲੋਂ ਹੋ ਕਿਸ ਤਰ੍ਹਾਂ ਤੇ ਕਿੱਥੇ ਹੋਈ ਹੈ, ਹਾਲਾਂਕਿ ਇਸ ਗਲਤੀ ਲਈ ਇਮੀਗ੍ਰੇਸ਼ਨ ਨਿਊਜੀਲੈਂਡ ਨੇ ਮੁਆਫੀ ਜਰੂਰ ਮੰਗ ਲਈ ਹੈ।
ਵੀਜਾ ਪ੍ਰੋਸੈਸਿੰਗ ਦੀਆਂ ਦਿੱਕਤਾਂ ਨੂੰ ਖਤਮ ਕਰਨ ਲਈ ਨਵੰਬਰ ਵਿੱਚ ਸ਼ੁਰੂ ਕੀਤੇ ਗਏ ਏ ਡੀ ਈ ਪੀ ਟੀ ਕੰਪਿਊਟਰ ਸਿਸਟਮ ਦੀ ਇਹ ਨਵੀਂ ਦਿੱਕਤ ਹੈ।
ਇਸ ਸਿਸਟਮ ਵਿੱਚ ਹੁਣ ਤੱਕ ਕੁੱਲ 550 ਖਾਮੀਆਂ ਸਾਹਮਣੇ ਆ ਚੁੱਕੀਆਂ ਹਨ।
ਇਮੀਗ੍ਰੇਸ਼ਨ ਨਿਊਜੀਲੈਂਡ ਦੀ ਵੀਜਾ ਆਪਰੇਸ਼ਨਜ਼ ਜਨਰਲ ਮੈਨੇਜਰ ਨਿਕੋਲਾ ਹੋਗ ਨੇ ਇਸ ਸਬੰਧੀ ਦੱਸਿਆ ਹੈ ਕਿ ਇਸ ਨਵੇਂ ਸਿਸਟਮ ਨੂੰ ਦਰੁੱਸਤ ਕਰਨ ਤੇ ਇਸ ਨੂੰ ਸਮਝਣ ਲਈ ਸਟਾਫ ਨੂੰ ਕੁਝ ਸਮਾਂ ਲੱਗੇਗਾ ਤੇ ਤੱਦ ਤੱਕ ਹੋ ਰਹੀਆਂ ਗਲਤੀਆਂ ਦਾ ਕੀ ਕਾਰਨ ਹੈ, ਉਸ 'ਤੇ ਚਾਨਣਾ ਪਾਉਣਾ ਔਖਾ ਹੈ।