ਆਕਲੈਂਡ : ਅਵਤਾਰ ਸਿੰਘ ਟਹਿਣਾ
ਨਿਊਜ਼ੀਲੈਂਡ ਦੇ ਇੱਕ ਡੇਅਰੀ ਫਾਰਮ `ਚ ਕਈ ਸਾਲ ਕੰਮ ਕਰ ਚੁੱਕਾ ਇੱਕ ਪੰਜਾਬੀ ਨੌਜਵਾਨ ਬਿਮਾਰੀ ਪਿੱਛੋਂ ਏਸੀਸੀ ਤੋਂ ਕਲੇਮ ਲੈਣ ਲਈ ਧੱਕੇ ਖਾਣ ਲਈ ਮਜਬੂਰ ਹੋ ਚੁੱਕਾ ਹੈ। ਜਿਸ ਕਰਕੇ ਉਸਨੂੰ ਨਵਾਂ ਵਰਕ ਵੀਜ਼ਾ ਪਾਉਣ ਲਈ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਉਸਦੀ ਮੈਡੀਕਲ ਕੰਡੀਸ਼ਨ ਕਾਰਨ ਡੀਪੋਰਟ ਹੋਣਾ ਪਿਆ ਸੀ ਪਰ ਫਿਰ ਵੀ ਜੇ ਏਸੀਸੀ ਮਿਹਰਬਾਨ ਹੋ ਜਾਵੇ ਤਾਂ ਉਹ ਦੁਬਾਰਾ ਨਿਊਜ਼ੀਲੈਂਡ ਆ ਕੇ ਆਪਣੇ ਭਰਾ ਨਾਲ ਡੇਅਰੀ ਫਾਰਮ `ਤੇ ਕੰਮ ਕਰ ਸਕਦਾ ਹੈ।
ਇਹ ਦਰਦ ਕਹਾਣੀ ਹੈ ਪੰਜਾਬੀ ਨੌਜਵਾਨ ਧੀਰੇਂਦਰ ਕੁਮਾਰ ਦੀ, ਜੋ ਸਾਲ 2012 ਵਿੱਚ ਨਿਊਜ਼ੀਲੈਂਡ `ਚ ਮੈਨੇਜਮੈਂਟ ਡਿਪਲੋਮੇ ਦੀ ਪੜ੍ਹਾਈ ਕਰਨ ਆਇਆ ਸੀ। ਪੜ੍ਹਾਈ ਤੋਂ ਬਾਅਦ ਉਸਨੇ ਕਰੀਬ ਤਿੰਨ ਸਾਲ ਵਾਇਆਕਾਟੋ ਅਤੇ ਮਾਨਾਵਾਟੂ ਖੇਤਰ `ਚ ਅਸਿਸਟੈਂਟ ਹਰਡ ਮੈਨੇਜਰ ਵਜੋਂ ਡੇਅਰੀ ਫਾਰਮ `ਤੇ ਕੰਮ ਕੀਤਾ ਸੀ। ਇਸ ਦਰਮਿਆਨ ਸਾਲ 2015 ਉਸਨੂੰ ਬਰੇਨ ਹੈਮਰੇਜ ਹੋ ਗਿਆ ਸੀ ਅਤੇ ਉਸਨੇ ਵਲੰਿਗਟਨ, ਪਾਲਮਸਟਨ ਨੌਰਥ ਅਤੇ ਡੁਨੇਡਿਨ ਤੋਂ ਇਲਾਜ ਕਰਵਾਇਆ ਸੀ। ਜਿਸ ਪਿੱਛੋਂ ਉਸਨੇ ਵਰਕ ਵੀਜ਼ਾ ਅਪਲਾਈ ਕਰਨ ਤੋਂ ਪਹਿਲਾਂ ਟੈਸਟ ਕਰਵਾਇਆ ਤਾਂ ਮੈਡੀਕਲ ਰਿਪੋਰਟ `ਚ ‘ਹੈਪੇਟਾਈਟਸ ਸੀ’ ਪੌਜੇਟਿਵ ਆ ਗਿਆ।
ਆਪਣੇ ਫੈਮਿਲੀ ਡਾਕਟਰ ਦੀ ਸਲਾਹ `ਤੇ ਉਸਨੇ ਏਸੀਸੀ ਕਲੇਮ ਕਰ ਦਿੱਤਾ ਕਿਉਂਕਿ ‘ਹੈਪੇਟਾਈਟਸ ਸੀ’ ਵਲੰਿਗਟਨ `ਚ ਇਲਾਜ ਅਤੇ ਬਲੱਡ ਟਰਾਂਸਫਿਊਜ਼ਨ ਦੌਰਾਨ ਹੋਇਆ ਸੀ। ਪਰ ਏਸੀਸੀ ਭਾਵ ਐਕਸੀਡੈਂਟ ਕੰਮਪੈਂਸੇਸ਼ਨ ਕਾਰਪੋਰੇਸ਼ਨ ਨੇ ਜੂਨ 2016 `ਚ ਕਲੇਮ ਦੇਣ ਤੋਂ ਨਾਂਹ ਕਰ ਦਿੱਤੀ। ਸਗੋਂ ਇਹ ਵੀ ਆਖ ਦਿੱਤਾ ਕਿ ਉਸਨੂੰ ‘ਹੈਪੇਟਾਈਟਸ ਸੀ’ ਨਿਊਜ਼ੀਲੈਂਡ ਆਉਣ ਤੋਂ ਪਹਿਲਾਂ ਹੀ ਸੀ। ਸਿੱਟੇ ਵਜੋਂ ਉਸਨੂੰ ਵਰਕ ਵੀਜ਼ਾ ਨਾਲ ਮਿਲ ਸਕਿਆ ਅਤੇ ਨਵੰਬਰ 2017 `ਚ ਡੀਪੋਰਟ ਹੋਣ ਦੀ ਨੌਬਤ ਆ ਗਈ।
ਇੰਡੀਆ `ਚ ਰਹਿੰਦਿਆਂ ਉਸਨੇ ਲੰਬਾ ਸਮਾਂ ਸਬੂਤ ਇਕੱਠੇ ਕੀਤੇ ਅਤੇ ਪਿਛਲੇ ਸਾਲ ਏਸੀਸੀ ਕੋਲ ਦੁਬਾਰਾ ਕਲੇਮ ਅਪਲਾਈ ਕਰ ਦਿੱਤਾ। ਪਰ ਨਤੀਜਾ ਕੁੱਝ ਵੀ ਨਾ ਨਿਕਲਿਆ ਅਤੇ ਅਖੀਰ ਐਪਲੀਕੇਸ਼ਨ ਖਾਰਜ ਕਰ ਦਿੱਤੀ ਗਈ।
ਧੀਰੇਂਦਰ ਨੇ ਐਨਜ਼ੈੱਡ ਪੰਜਾਬੀ ਨਿਊਜ਼ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਫਿਰ ਉਸਨੇ ਏਸੀਸੀ ਟ੍ਰਿਿਬਊਨਲ, ਡਿਸਟ੍ਰਿਕ ਕੋਰਟ ਅਤੇ ਜਸਟਿਸ ਮਨਿਸਟਰੀ ਨਾਲ ਵੀ ਰਾਬਤਾ ਕੀਤਾ ਪਰ ਨਿਰਾਸ਼ਾ ਹੀ ਪੱਲੇ ਪਈ। ਉਹ ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਨੂੰ ਚਿੱਠੀ ਲਿਖ ਚੁੱਕਾ ਹੈ। ਪਰ ਕੋਈ ਨਤੀਜਾ ਨਹੀਂ ਨਿਕਲਿਆ।
ਧੀਰੇਂਦਰ ਨੇ ਅਪੀਲ ਕੀਤੀ ਹੈ ਕਿ ਏਸੀਸੀ ਉਸਨੂੰ ਕਲੇਮ ਦੇਵੇ, ਜਿਸਦੇ ਅਧਾਰ `ਤੇ ਉਹ ਮੁੜ ਇਮੀਗਰੇਸ਼ਨ ਨਿਊਜ਼ੀਲੈਂਡ ਕੋਲ ਵਰਕ ਵੀਜ਼ਾ ਅਪਲਾਈ ਕਰਨ ਦੇ ਯੋਗ ਹੋ ਸਕੇਗਾ।
ਦੱਸਣਯੋਗ ਹੈ ਕਿ ਧੀਰੇਂਦਰ ਦਾ ਪਰਿਵਾਰ ਕਈ ਸਾਲ ਪਹਿਲਾਂ ਪੰਜਾਬ ਦੇ ਫਾਜਿ਼ਲਕਾ ਦੇ ਇੱਕ ਪਿੰਡ ਨੂੰ ਛੱਡ ਕੇ ਉਤਰਾਖੰਡ ਦੇ ਊਧਮ ਸਿੰਘ ਨਗਰ `ਚ ਵਸ ਗਿਆ ਸੀ। ਜਿਸ ਪਿੱਛੋਂ ਧੀਰੇਂਦਰ ਸਾਲ 2012 `ਚ ਮੈਨੇਜਮੈਂਟ ਡਿਪਲੋਮੇ ਦੀ ਪੜ੍ਹਾਈ ਕਰਨ ਆਇਆ ਸੀ ਅਤੇ ਕਈ ਸਾਲ ਨਿਊਜ਼ੀਲੈਂਡ ਦੇ ਲੇਖੇ ਲਾਉਣ ਪਿੱਛੋਂ ਅੱਜਕੱਲ੍ਹ ਇੰਡੀਆ `ਚ ਆਪਣੇ ਮਾਪਿਆਂ ਕੋਲ ਰਹਿ ਕੇ ਰਹਿਣ ਲਈ ਮਜਬੂਰ ਹੈ।
ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਨਿਊਜ਼ੀਲੈਂਡ ਸਰਕਾਰ ਧੀਰੇਂਦਰ ਕੁਮਾਰ ਦੀ ਬਾਂਹ ਕਦੋਂ ਫੜ੍ਹੇਗੀ ?