ਆਕਲੈਂਡ (ਹਰਪ੍ਰੀਤ ਸਿੰਘ) - ਡੇਅਰੀ ਤੇ ਛੋਟੇ ਕਾਰੋਬਾਰੀਆਂ ਦੇ ਕੰਮਾਂ 'ਤੇ ਵਾਪਰਦੀਆਂ ਲੁੱਟਾਂ ਦੀਆਂ ਘਟਨਾਵਾਂ ਨੂੰ ਰੋਕਣ ਵਿੱਚ ਨਿਊਜੀਲੈਂਡ ਸਰਕਾਰ ਤੇ ਕਾਨੂੰਨ ਪੂਰੀ ਤਰ੍ਹਾਂ ਅਸਫਲ ਰਹੇ ਹਨ। ਲੁਟੇਰਿਆਂ ਤੇ ਨਾ ਹੁੰਦੀ ਸਖਤ ਕਾਰਵਾਈ ਨੇ ਇਨ੍ਹਾਂ ਨੌਜਵਾਨ ਲੁਟੇਰਿਆਂ ਦੇ ਹੌਂਸਲੇ ਵਧਾ ਦਿੱਤੇ ਹਨ ਤੇ ਇਹ ਲੁੱਟਾਂ ਹੁਣ ਹਿੰਸਕ ਰੂਪ ਧਾਰਨ ਕਰ ਚੁੱਕੀਆਂ ਹਨ।
ਬੀਤੇ ਮਹੀਨੇ ਕਤਲ ਹੋਏ ਜਨਕ ਪਟੇਲ, ਉਸਤੋਂ ਬਾਅਦ ਕ੍ਰਾਈਸਚਰਚ ਵਿੱਚ ਲਿਕਰ ਸਟੋਰ 'ਤੇ ਕਰਮਚਾਰੀਆਂ ਦੀ ਲੁੱਟ ਦੌਰਾਨ ਕੁੱਟਮਾਰ ਤੇ ਹੁਣ ਤਾਜਾ ਮਾਮਲਾ ਹੈਮਿਲਟਨ ਤੋਂ ਹੈ, ਜਿੱਥੇ ਫਰੇਂਕਟਨ ਦੇ ਇਰਵਿਨ ਸਟਰੀਟ ਸਥਿਤ ਪੰਜਾਬੀ ਵਿਅਕਤੀ ਦੀ ਡੇਅਰੀ 'ਤੇ ਲੁੱਟ ਦੀ ਵਾਰਦਾਤ ਦੌਰਾਨ ਡੇਅਰੀ 'ਤੇ ਕੰਮ ਕਰਦੇ ਕਰਮਚਾਰੀ ਦੀ ਉਂਗਲ ਵੱਢੇ ਜਾਣ ਦੀ ਖਬਰ ਹੈ।
ਕਰਮਚਾਰੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਅਸ਼ ਪਰਮਾਰ ਜੋ ਕਿ ਨਜਦੀਕ ਹੀ ਆਪਣਾ ਕਾਰੋਬਾਰ ਚਲਾਉਂਦੇ ਹਨ, ਉਨ੍ਹਾਂ ਦੱਸਿਆ ਕਿ ਲੁਟੇਰਿਆਂ ਨੇ ਮਚੀਟੀ ਨਾਲ ਕਰਮਚਾਰੀ ਦਾ ਸ਼ਾਪ ਦੇ ਪਿੱਛਲੇ ਹਿੱਸੇ ਤੱਕ ਪਿੱਛਾ ਕੀਤਾ ਤੇ ਇਸ ਦੌਰਾਨ ਕਰਮਚਾਰੀ ਦੀ ਉਂਗਲ ਵੱਢ ਦਿੱਤੀ ਗਈ।
ਮਾਲਕ ਪੁਨੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਕਰਮਚਾਰੀ ਦੀ ਇੰਡੈਕਸ ਫਿੰਗਰ ਇਸ ਘਟਨਾ ਵਿੱਚ ਕੱਟ ਦਿੱਤੀ ਗਈ ਹੈ।
ਦੋਸ਼ੀਆਂ ਦੀ ਭਾਲ ਅਜੇ ਵੀ ਜਾਰੀ ਹੈ।