ਆਕਲੈਂਡ (ਅਵਤਾਰ ਸਿੰਘ ਟਹਿਣਾ) ਪਿਛਲੇ ਦਿਨੀਂ ਇਸਲਾਮਿਕ ਦੇਸ਼ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਸ਼ੋਰ ਬਜ਼ਾਰ ਗੁਰਦੁਆਰਾ 'ਚ ਅੱਤਵਾਦੀਆਂ ਹੱਥੋਂ ਮਾਰੇ ਗਏ ਸਿੱਖ ਪਰਿਵਾਰਾਂ ਲਈ ਨਿਊਜ਼ੀਲੈਂਡ ਦੇ ਸਿੱਖ ਭਾਈਚਾਰੇ ਨੇ ‘ਹਾਅ ਦਾ ਨਾਅਰਾ’ ਮਾਰਿਆ ਹੈ। ਜਿੱਥੇ ਸਿੱਖ ਸੰਸਦ ਮੈਂਬਰ ਨੇ ਅੱਤਵਾਦੀ ਜਥੇਬੰਦੀਆਂ ਨੂੰ ਖੁੱਲ੍ਹਾ ਪੱਤਰ ਲਿਖਿਆ ਹੈ ਤੇ ਪਰਿਵਾਰਾਂ ਦੀ ਸੁਰੱਖਿਆ ਲਈ ਨਿਊਜ਼ੀਲੈਂਡ ਤੇ ਭਾਰਤ ਦੇ ਪ੍ਰਧਾਨ ਮੰਤਰੀਆਂ ਨੂੰ ਅਪੀਲ ਕੀਤੀ ਹੈ, ਉਥੇ ਸੁਪਰੀਮ ਸਿੱਖ ਸੁਸਾਇਟੀ ਅਤੇ ਹੋਰ ਸੰਸਥਾਵਾਂ ਨੇ ਵੀ ਪਰਿਵਾਰਾਂ ਨੂੰ ਸੁਰੱਖਿਅਤ ਨਿਊਜ਼ੀਲੈਂਡ ਲਿਆਂਦੇ ਜਾਣ ਦੀ ਵਕਲਾਤ ਕੀਤੀ ਹੈ।
ਨਿਊਜ਼ੀਲੈਂਡ ਪਾਰਲੀਮੈਂਟ ਦੇ ਪਹਿਲੇ ਦਸਤਾਰਧਾਰੀ ਸੰਸਦ ਮੈਂਬਰ ਅਤੇ ਵਿਰੋਧੀ ਧਿਰ ਨੈਸ਼ਨਲ ਦੇ ਆਗੂ ਕੰਵਲਜੀਤ ਸਿੰਘ ਬਖਸ਼ੀ ਨੇ ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਨੂੰ ਬੇਨਤੀ ਕੀਤੀ ਹੈ ਅਫਗਾਨਿਸਤਾਨ 'ਚ ਸਿੱਖਾਂ ਦੇ ਕਰੀਬ 400 ਪਰਿਵਾਰਾਂ ਚੋਂ ਕੁੱਝ ਪਰਿਵਾਰਾਂ ਨੂੰ ਨਿਊਜ਼ੀਲੈਂਡ ਲਿਆਉਣ ਅਤੇ ਮੁੜ-ਵਸੇਬੇ ਲਈ ਯਤਨ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਜ਼ਿਕਰ ਕੀਤਾ ਹੈ ਕਿ ਇਸ ਮਾਮਲੇ ਨੂੰ ਲੈ ਕੇ ਨੈਸ਼ਨਲ ਪਾਰਟੀ ਦੇ ਆਗੂ ਸਾਈਮਨ ਬਰਿਜਸ ਨਾਲ ਵੀ ਵਿਚਾਰ-ਚਰਚਾ ਕੀਤੀ ਹੈ ਤੇ ਉਨ੍ਹਾਂ ਨੇ ਕੁੱਝ ਪਰਿਵਾਰਾਂ ਨੂੰ ਨਿਊਜ਼ੀਲੈਂਡ ਲਿਆਂਦੇ ਜਾਣ ਵਾਲੇ ਵਿਚਾਰ ਨਾਲ ਸਹਿਮਤੀ ਪ੍ਰਗਟ ਕੀਤੀ ਹੈ। ਸ੍ਰੀ ਬਖਸ਼ੀ ਨੇ ਇਸ ਸਬੰਧ 'ਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਅਪੀਲ ਕੀਤੀ ਹੈ ਅਜਿਹੇ ਪਰਿਵਾਰਾਂ ਦੀ ਸਾਰ ਲਈ ਜਾਣੀ ਚਾਹੀਦੀ ਹੈ।
ਸ੍ਰੀ ਬਖਸ਼ੀ ਨੇ ਆਸ ਪ੍ਰਗਟ ਕੀਤੀ ਹੈ ਕਿ ਹਿੰਦੂ-ਸਿੱਖ ਭਾਈਚਾਰਾ ਅਫ਼ਗਾਨ ਸਿੱਖਾਂ ਦੇ ਨਿਊਜ਼ੀਲੈਂਡ 'ਚ ਵਸੇਬੇ ਲਈ ਹਰ ਸੰਭਵ ਯਤਨ ਕਰੇਗਾ ਅਤੇ ਸ਼ੁਰੂਆਤੀ ਦੋ ਸਾਲਾਂ ਦੌਰਾਨ ਅਜਿਹੇ ਪਰਿਵਾਰ ਸਰਕਾਰ ਤੋਂ ਕੋਈ ਸਹਾਇਤਾ ਨਹੀਂ ਲੈਣਗੇ ਸਗੋਂ ਭਾਈਚਾਰਾ ਹੀ ਉਨ੍ਹਾਂ ਦੀ ਮੱਦਦ ਕਰੇਗਾ, ਜਿਵੇਂ ਕਿ ਕੈਨੇਡਾ ਵਿੱਚ ਹੁੰਦਾ ਹੈ।
ਇਸ ਸਬੰਧ 'ਚ ਸੁਪਰੀਮ ਸਿੱਖ ਸੁਸਾਇਟੀ ਦੇ ਬੁਲਾਰੇ ਦਲਜੀਤ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਨੈਸ਼ਨਲ ਪਾਰਟੀ ਦੀ ਸਰਕਾਰ ਵੇਲੇ ਸ੍ਰ ਕੰਵਲਜੀਤ ਸਿੰਘ ਬਖਸ਼ੀ ਨਾਲ ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜ਼ੀਲੈਂਡ ਦੇ ਨੁਮਾਇੰਦਿਆਂ ਨੇ ਉਠਾਇਆ ਸੀ ਅਤੇ ਪੰਜ ਪਰਿਵਾਰਾਂ ਨੂੰ ਸਪੌਂਸਰ ਕਰਨ ਤੇ ਸਰਕਾਰ ਦੀ ਸਹਾਇਤਾ ਤੋਂ ਬਿਨਾ ਉਨ੍ਹਾਂ ਦੇ ਵਸੇਬੇ ਦਾ ਭਰੋਸਾ ਦਿਵਾਇਆ ਸੀ। ਪਰ ਸਾਰਾ ਅਮਲ ਨੇਪਰੇ ਚੜ੍ਹਨ ਤੋਂ ਪਹਿਲਾਂ ਨੈਸ਼ਨਲ ਪਾਰਟੀ ਦੀ ਸਰਕਾਰ ਤੋਂ ਸੱਤਾ ਖੁੱਸ ਗਈ ਸੀ ਅਤੇ ਸਭ ਕੁੱਝ ਧਰਿਆ-ਧਰਾਇਆ ਰਹਿ ਗਿਆ ਸੀ। ਪਰ ਹੁਣ ਫਿਰ ਸੁਸਾਇਟੀ ਨੇ ਹੋਰ ਸਿੱਖ ਸੰਸਥਾਵਾਂ ਦੇ ਸਹਿਯੋਗ ਨਾਲ ਮੁੜ ਮੁੱਦੇ ਸਿੱਖ ਪਾਰਲੀਮੈਂਟ ਮੈਂਬਰ ਕੋਲ ਉਠਾਇਆ ਹੈ ਅਤੇ ਆਸ ਹੈ ਕਿ ਪੀੜਿਤ ਅਫ਼ਗਾਨੀ ਸਿੱਖਾਂ ਦੇ ਕੁੱਝ ਪਰਿਵਾਰ ਕਿਸੇ ਨਾ ਕਿਸੇ ਸਮੇਂ ਜ਼ਰੂਰ ਨਿਊਜ਼ੀਲੈਂਡ ਦੀ ਧਰਤੀ 'ਤੇ ਮੁੜ-ਵਸੇਬਾ ਕਰਨਗੇ।
ਜ਼ਿਕਰਯੋਗ ਹੈ ਕਿ ਇਸ ਖੁੱਲ੍ਹੇ ਪੱਤਰ 'ਚ ਸ੍ਰੀ ਬਖਸ਼ੀ ਨੇ ਇਸਲਾਮਿਕ ਅੱਤਵਾਦੀ ਜਥੇਬੰਦੀਆਂ (ਆਈਐਸਆਈਐਲ, ਆਈਐਸਆਈਐਸ,ਤਾਲਿਬਾਨ ਤੇ ਆਪੂੰ-ਬਣੀਆਂ ਜੇਹਾਦੀ ਜਥੇਬੰਦੀਆਂ ) ਨੂੰ ਸਵਾਲ ਕੀਤਾ ਹੈ ਕਿ ਕੀ ਗੁਰਦੁਆਰੇ 'ਚ ਅਰਦਾਸ ਕਰ ਰਹੇ ਸਿੱਖ ਇਸਲਾਮ ਦੇ ਦੁਸ਼ਮਣ ਹਨ? ਜਦੋਂ ਬਰਮਾ 'ਚ ਰੋਹਿੰਗੇ ਮੁਸਲਮਾਨਾਂ ਨੂੰ ਦੇਸ਼ ਚੋਂ ਕੱਢਿਆ ਜਾ ਰਿਹਾ ਸੀ ਉਦੋਂ ਉਨ੍ਹਾਂ ਦੀ ਕੀ ਮੱਦਦ ਕੀਤੀ ਸੀ? ਜਦੋਂ ਸੀਰੀਆ 'ਚ ਬੱਚਿਆਂ ਬੀਬੀਆਂ ਤੇ ਨੌਜਵਾਨਾਂ ਨੂੰ ਰਿਫੂਜੀ ਬਣਨ ਵਾਸਤੇ ਨਿਕਲਣ ਲਈ ਮਜਬੂਰ ਕੀਤਾ ਜਾ ਰਿਹਾ ਸੀ ਉਦੋਂ ਉਨ੍ਹਾਂ ਦੀ ਮੱਦਦ ਲਈ ਕੀ ਕੀਤਾ ਸੀ? ਜਦੋਂ ਨਿਊਜ਼ੀਲੈਂਡ ਦੇ ਸ਼ਹਿਰ ਕ੍ਰਾਈਚਰਚ 'ਚ ਹਮਲਾ ਹੋਇਆ ਸੀ ਤਾਂ ਉਦੋਂ ਉਹ ਕਿੱਥੇ ਸੀ? ਮਹਾਂਮਾਰੀ ਕੋਵਿਡ-19 ਨੂੰ ਕੰਟਰੋਲ ਕਰਨ ਲਈ ਕੀ ਕਰ ਰਹੇ ਓ?