ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ 3 ਦਿਨਾਂ ਤੋਂ ਖਰਾਬ ਮੌਸਮ ਨੇ ਛੁੱਟੀਆਂ ਬਿਤਾਉਣ ਨਿਕਲੇ ਹਜਾਰਾਂ ਲੋਕਾਂ ਦੀਆਂ ਯੋਜਨਾਵਾਂ ਰੱਦ ਕਰ ਦਿੱਤੀਆਂ ਹਨ। ਕੋਰਮੰਡਲ, ਬੇ ਆਫ ਪਲੈਂਟੀ ਤੋਂ ਲੈਕੇ ਆਕਲੈਂਡ ਤੱਕ ਮੌਸਮ ਦੀ ਮਾਰ ਨਿਊਜੀਲੈਂਡ ਵਾਸੀਆਂ ਨੂੰ ਝੱਲਣੀ ਪੈ ਰਹੀ ਹੈ। ਬੀਤੇ ਦਿਨੀਂ ਤੂਫਾਨੀ ਹਵਾਵਾਂ ਤੇ ਭਾਰੀ ਬਾਰਿਸ਼ ਕਾਰਨ ਆਕਲੈਂਡ ਵਿੱਚ 2 ਕਿਸ਼ਤੀਆਂ ਦੇ ਡੁੱਬਣ ਦੀ ਖਬਰ ਹੈ, ਜਦਕਿ ਕੋਰਮੰਡਲ ਤੇ ਬੇ ਆਫ ਪਲੈਂਟੀ ਵਿੱਚ ਹੁਣ ਤੱਕ ਬੀਤੇ 72 ਘੰਟਿਆਂ ਵਿੱਚ 400 ਐਮ ਐਮ ਬਾਰਿਸ਼ ਹੋ ਚੁੱਕੀ ਹੈ, ਜਿਸ ਕਾਰਨ ਹਾਲਾਤ ਬਹੁਤ ਵਿਗੜੇ ਹੋਏ ਹਨ, ਪਰ ਅਜੇ ਵੀ ਨਾਰਥ ਆਈਲੈਂਡ ਦੇ ਨਿਵਾਸੀਆਂ ਨੂੰ ਖਰਾਮ ਮੌਸਮ ਤੋਂ ਰਾਹਤ ਮਿਲਦੀ ਨਜਰ ਨਹੀਂ ਆਉਂਦੀ, ਕਿਉਂਕਿ ਅੱਜ ਸ਼ਾਮ ਤੋਂ ਦੁਬਾਰਾ ਮੌਸਮ ਨੂੰ ਲੈਕੇ ਹਾਲਾਤ ਬਦਲਣਗੇ ਤੇ ਇਸੇ ਕਾਰਨ ਮੌਸਮ ਵਿਭਾਗ ਨੇ ਕਈ ਚੇਤਾਵਨੀਆਂ ਜਾਰੀ ਕੀਤੀਆਂ ਹਨ। ਬੇਲੋੜਾ ਘਰੋਂ ਬਾਹਰ ਨਿਕਲਣ ਤੋਂ ਬਚਿਆ ਜਾਏ ਅਤੇ ਤੂਫਾਨੀ ਹਵਾਵਾਂ ਦੌਰਾਨ ਕਿਸੇ ਵੀ ਅਸੁਰੱਖਿਅਤ ਸ਼ੈਲਟਰ ਹੇਠਾਂ ਗੱਡੀ ਖੜੀ ਨਾ ਕੀਤੀ ਜਾਏ।