ਆਕਲੈਂਡ (ਹਰਪ੍ਰੀਤ ਸਿੰਘ) - ਕੋਰਮੰਡਲ ਪੈਨੀਨਸੁਲਾ ਇਸ ਵੇਲੇ ਸਾਈਕਲੋਨ ਹੇਲ ਦੇ ਬੁਰੇ ਪ੍ਰਭਾਵ ਦਾ ਸਾਹਮਣਾ ਕਰਨ ਜਾ ਰਿਹਾ ਹੈ। ਇਸ ਤੂਫਾਨੀ ਮੌਸਮ ਦੌਰਾਨ ਨਾਰਥ ਆਈਲੈਂਡ ਵਿੱਚ ਸੜਕਾਂ 'ਤੇ ਢਿੱਗਾਂ ਡਿੱਗਣ, ਦਰੱਖਤ ਪੁੱਟੇ ਜਾਣ ਤੇ ਭਾਰੀ ਬਾਰਿਸ਼ ਜਿਹੀਆਂ ਘਟਨਾਵਾਂ ਵਾਪਰ ਸਕਦੀਆਂ ਹਨ ਤੇ ਇਸੇ ਨੂੰ ਧਿਆਨ ਵਿੱਚ ਰੱਖਦਿਆਂ ਵਾਕਾ ਕੋਟਾਹੀ ਐਨ ਜੈਡ ਟੀ ਏ ਨੇ ਪ੍ਰਭਾਵਿਤ ਇਲਾਕਿਆਂ ਦੇ ਰਿਹਾਇਸ਼ੀਆਂ ਨੂੰ ਬੇਲੋੜੀ ਯਾਤਰਾ ਲਈ ਸੜਕਾਂ 'ਤੇ ਨਾ ਨਿਕਲਣ ਦੀ ਚੇਤਾਵਨੀ ਦਿੱਤੀ ਹੈ। ਇੱਕ ਕਾਉਂਸਲ ਨੇ ਤਾਂ ਸੋਮਵਾਰ ਸ਼ਾਮ ਤੱਕ ਰਿਹਾਇਸ਼ੀਆਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਦੀ ਸਲਾਹ ਵੀ ਦਿੱਤੀ ਹੈ।
ਸਾਈਕਲੋਨ ਦੀ ਮਾਰ ਸ਼ਾਮ ਵੇਲੇ ਤੋਂ ਸ਼ੁਰੂ ਹੋਏਗੀ ਅਤੇ ਬੁੱਧਵਾਰ ਤੱਕ ਇਸ ਦਾ ਬੁਰਾ ਪ੍ਰਭਾਵ ਦੇਖਣ ਨੂੰ ਮਿਲ ਸਕਦਾ ਹੈ। ਸੜਕਾਂ 'ਤੇ ਦਰੱਖਤ ਪੁੱਟੇ ਜਾਣ ਅਤੇ ਢਿੱਗਾਂ ਡਿੱਗਣ ਦੀਆਂ ਘਟਨਾਵਾਂ ਕੱਲ ਸ਼ਾਮ ਤੱਕ ਵਾਪਰ ਸਕਦੀਆਂ ਹਨ, ਕਿਉਂਕਿ ਸਾਈਕਲੋਨ ਹੇਲ ਦਾ ਪ੍ਰਭਾਵ ਆਉਂਦੇ 2 ਦਿਨ ਜਾਰੀ ਰਹੇਗਾ।