ਆਕਲੈਂਡ (ਹਰਪ੍ਰੀਤ ਸਿੰਘ) - ਇਸ ਵੇਲੇ ਨਿਊਜੀਲੈਂਡ ਵਾਸੀਆਂ ਨੂੰ ਘੱਟੋ-ਘੱਟ ਮਿਲਣ ਵਾਲੀ ਤਨਖਾਹ 21.20 ਪ੍ਰਤੀ ਘੰਟੇ ਦੇ ਹਿਸਾਬ ਨਾਲ ਮਿਲ ਰਹੀ ਹੈ, ਜੋ ਕਿ ਬੀਤੇ ਸਾਲ 5.9% ਦੇ ਵਾਧੇ ਤੋਂ ਬਾਅਦ ਹਾਸਿਲ ਹੋਈ ਸੀ। ਪਰ ਲਗਾਤਾਰ ਮਹਿੰਗਾਈ ਨੇ ਨਿਊਜੀਲੈਂਡ ਵਾਸੀਆਂ ਦੀਆਂ ਦਿੱਕਤਾਂ ਵਿੱਚ ਵਾਧਾ ਹੀ ਕੀਤਾ ਹੈ ਤੇ ਇਸੇ ਲਈ ਸਰਕਾਰ ਘੱਟੋ-ਘੱਟ ਮਿਲਣ ਵਾਲੀ ਤਨਖਾਹ ਨੂੰ ਮੁੜ ਤੋਂ ਵਧਾਉਣ 'ਤੇ ਵਿਚਾਰ ਕਰ ਰਹੀ ਹੈ।
ਇਸ ਸਬੰਧੀ ਵਰਕ ਰਿਲੇਸ਼ਨਜ਼ ਮਨਿਸਟਰ ਮਾਈਕਲ ਵੁੱਡ ਦਾ ਕਹਿਣਾ ਹੈ ਕਿ ਅਸੀਂ ਨਿਊਜੀਲੈਂਡ ਵਾਸੀਆਂ ਦੇ ਹਿੱਤਾਂ ਦਾ ਧਿਆਨ ਰੱਖਦਿਆਂ ਹਰ ਸਾਲ ਇਸ ਮਾਮਲੇ 'ਤੇ ਸਲਾਹਾਂ ਹਾਸਿਲ ਕਰਦੇ ਹਾਂ, ਇਨ੍ਹਾਂ ਨੂੰ ਅੱਗੇ ਸਿਫਾਰਸ਼ਿਾਂ ਦੇ ਰੂਪ ਵਿੱਚ ਕੈਬਿਨੇਟ ਵਿੱਚ ਇਸ ਸਾਲ ਭੇਜਿਆ ਜਾ ਚੁੱਕਾ ਹੈ ਤੇ ਆਸ ਹੈ ਕਿ 2023 ਵਿੱਚ ਘੱਟੋ-ਘੱਟ ਮਿਲਣ ਵਾਲੀ ਤਨਖਾਹ ਦੇ ਮਸਲੇ 'ਤੇ ਜਲਦ ਹੀ ਕੋਈ ਫੈਸਲਾ ਹੋਏਗਾ।
ਹਾਲਾਂਕਿ ਵਧਾਈ ਜਾਣ ਵਾਲੀ ਤਨਖਾਹ ਪ੍ਰਭਾਵੀ ਢੰਗ ਨਾਲ ਮਹਿੰਗਾਈ ਦੇ ਮੁੱਦੇ ਨਾਲ ਨਜਿੱਠਣ ਵਿੱਚ ਕਾਮਯਾਬ ਹੋਈ ਹੈ, ਇਸ ਬਾਰੇ ਮਾਈਕਲ ਵੁੱਡ ਸਹਿਮਤ ਨਹੀਂ ਹਨ, ਪਰ ਘੱਟੋ-ਘੱਟ ਮਿਲਣ ਵਾਲੀਆਂ ਤਨਖਾਹਾਂ ਵਿੱਚ ਵਾਧੇ ਨਾਲ ਨਿਊਜੀਲੈਂਡ ਵਾਸੀਆਂ ਨੂੰ ਕੁਝ ਰਾਹਤ ਮਿਲਣੀ ਸੁਭਾਵਿਕ ਹੈ।