ਆਕਲੈਂਡ (ਹਰਪ੍ਰੀਤ ਸਿੰਘ) - ਖਰਾਬ ਮੌਸਮ ਕਾਰਨ ਆਕਲੈਂਡ ਏਅਰਪੋਰਟ ਵੀ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਸੀ ਤੇ ਇਸੇ ਕਾਰਨ ਬੀਤੇ ਹਫਤੇ ਇੱਥੇ ਆਉਣ ਵਾਲੀਆਂ ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਉਡਾਣਾ ਰੱਦ ਕਰ ਦਿੱਤੀਆਂ ਗਈਆਂ ਸਨ। ਇਨ੍ਹਾਂ ਉਡਾਣਾ ਰਾਂਹੀ ਹਜਾਰਾਂ ਯਾਤਰੀਆਂ ਨੇ ਨਿਊਜੀਲੈਂਡ ਪੁੱਜਣਾ ਸੀ।
ਉਡਾਣਾ ਰੱਦ ਹੋਣ ਕਾਰਨ ਯਾਤਰੀ ਨਾ ਪੁੱਜ ਸਕੇ ਤੇ ਉਨ੍ਹਾਂ ਨੂੰ ਕਾਫੀ ਖੱਜਲ-ਖੁਆਰੀ ਝੱਲਣੀ ਪਈ, ਇਨ੍ਹਾਂ ਯਾਤਰੀਆਂ ਦੀ ਖੱਜਲ-ਖੁਆਰੀ ਘਟਾਉਣ ਲਈ ਏਅਰਲਾਈਨਜ਼ ਅਹਿਮ ਕਿਰਦਾਰ ਨਿਭਾਅ ਸਕਦੀਆਂ ਸਨ, ਪਰ ਸ਼ਾਇਦ ਅਜਿਹਾ ਬਿਲਕੁਲ ਵੀ ਨਾ ਹੋਇਆ।
ਏਅਰ ਨਿਊਜੀਲੈਂਡ ਰਾਂਹੀ ਟਿਕਟ ਬੁੱਕ ਕਰਨ ਵਾਲੀ 20 ਸਾਲਾ ਜੈਮਿਨੀ ਪਟੇਲ ਨੇ ਦੱਸਿਆ ਕਿ 27 ਜਨਵਰੀ ਨੂੰ ਉਸਨੇ ਸਿੰਘਾਪੁਰ ਤੋਂ ਆਕਲੈਂਡ ਪੁੱਜਣਾ ਸੀ, ਪਰ ਉਡਾਣ ਵਿੱਚ ਇੱਕ ਘੰਟਾ ਬੈਠਣ ਤੋਂ ਬਾਅਦ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਦੀ ਉਡਾਣ ਖਰਾਬ ਮੌਸਮ ਕਾਰਨ ਰੱਦ ਕਰ ਦਿੱਤੀ ਗਈ ਹੈ ਤੇ ਇਸ ਤੋਂ ਬਾਅਦ ਏਅਰ ਨਿਊਜੀਲੈਂਡ ਦਾ ਜੋ ਵਰਤਾਰਾ ਯਾਤਰੀਆਂ ਨਾਲ ਦੇਖਣ ਨੂੰ ਮਿਲਿਆ ਉਹ ਸੱਚਮੁੱਚ ਨਿੰਦਣਯੋਗ ਹੈ।
ਏਅਰ ਨਿਊਜੀਲੈਂਡ ਨੇ ਪਹਿਲਾਂ ਤਾਂ ਯਾਤਰੀਆਂ ਨੂੰ 24 ਤੋਂ 48 ਘੰਟੇ ਵਿੱਚ ਦੁਬਾਰਾ ਉਡਾਣ ਬੁੱਕ ਕਰਨ ਦੀ ਗੱਲ ਆਖੀ, ਪਰ ਇਸ ਤੋਂ ਬਾਅਦ ਏਅਰ ਨਿਊਜੀਲੈਂਡ ਨੇ ਉਨ੍ਹਾਂ ਨਾਲ ਕੋਈ ਰਾਬਤਾ ਕਾਇਮ ਨਾ ਕੀਤਾ।
ਹੋਟਲ ਵਿੱਚ ਰਹਿਣ ਲਈ ਵੀ ਸਿਰਫ ਇੱਕ ਦਿਨ ਦਾ ਕਿਰਾਇਆ ਹੀ ਦਿੱਤਾ ਗਿਆ ਜੋ ਕਿ $260 ਬਣਦਾ ਸੀ ਤੇ ਉਸਤੋਂ ਬਾਅਦ ਯਾਤਰੀਆਂ ਨੂੰ ਪੱਲਿਓਂ ਪੈਸੇ ਖਰਚਣ ਲਈ ਕਿਹਾ ਗਿਆ।
ਜੈਮਿਨੀ ਨੇ ਦੱਸਿਆ ਕਿ ਇਸ ਸੱਮਸਿਆ ਕਾਰਨ ਕਈ ਯਾਤਰੀ ਤਾਂ ਵਾਪਿਸ ਆਪਣੇ ਦੇਸ਼ ਪਰਤ ਗਏ ਤੇ ਕਈ ਸਸਤੇ ਹੋਟਲ ਲੈਕੇ ਰਹਿਣ ਚਲੇ ਗਏ, ਤੇ ਉਸ ਜਿਹੇ ਯਾਤਰੀਆਂ ਨੂੰ ਏਅਰਪੋਰਟ 'ਤੇ ਹੀ ਪੂਰਾ ਵੀਕੈਂਡ ਗੁਜਾਰਣਾ ਪਿਆ।
ਜੈਮਿਨੀ ਨੇ ਕਦੇ ਵੀ ਲੰਬੀ ਉਡਾਣ ਵਿੱਚ ਯਾਤਰਾ ਨਹੀਂ ਕੀਤੀ ਸੀ, ਜਿਸ ਕਾਰਨ ਉਸਦਾ ਡਰ ਇਸ ਬੁਰੇ ਅਨੁਭਵ ਕਾਰਨ ਹੋਰ ਵੀ ਬੁਰਾ ਹੋ ਗਿਆ ਤੇ ਅੰਤ ਸੋਮਵਾਰ ਨੂੰ ਉਹ ਹੋਰ ਫਲਾਈਟ ਬੁੱਕ ਕਰਕੇ ਬ੍ਰਿਸਬੇਨ ਪੁੱਜੀ ਤੇ ਉਸਨੇ ਸੁੱਖ ਦਾ ਸਾਹ ਲਿਆ।
ਦੂਜੇ ਪਾਸੇ ਏਅਰ ਨਿਊਜੀਲੈਂਡ ਤੋਂ ਜਦੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਲਾਰਾ ਲਾਉਂਦਿਆਂ ਕਿਹਾ ਕਿ ਉਨ੍ਹਾਂ ਕੋਲ ਸਿੰਘਾਪੁਰ ਤੋਂ ਕੋਈ ਅਪਡੇਟ ਨਹੀਂ ਹੈ ਤੇ ਇਸ ਬਾਰੇ ਜਲਦ ਹੀ ਜਾਣਕਾਰੀ ਜਾਰੀ ਕਰਨਗੇ।