ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਹੜ੍ਹਾਂ ਤੋਂ ਬਾਅਦ ਪ੍ਰਭਾਵਿਤ ਜਾਂ ਨੁਕਸਾਨੇ ਗਏ ਘਰਾਂ 'ਤੇ ਲਾਲ, ਪੀਲਾ ਤੇ ਚਿੱਟੇ ਰੰਗ ਦਾ ਸਟੀਕਰ ਜਾਂ ਪਲੇਕਾਰਡ ਦੇਖਣ ਨੂੰ ਮਿਲ ਰਿਹਾ ਹੈ, ਜੇ ਇਹ ਇੱਕ ਵਾਰ ਲੱਗ ਗਿਆ ਤਾਂ ਇਸਦਾ ਮਤਲਬ ਇਹ ਨਹੀਂ ਕਿ ਇਹ ਦੁਬਾਰਾ ਉਤਰੇਗਾ ਨਹੀਂ।
ਤਿੰਨੋਂ ਰੰਗਾਂ ਦੇ ਆਪੋ-ਆਪਣੇ ਮਤਲਬ ਹਨ, ਜਿਨ੍ਹਾਂ ਤਹਿਤ ਇਹ ਸੁਨਿਸ਼ਚਿਤ ਕੀਤਾ ਜਾਂਦਾ ਹੈ ਕਿ ਘਰ ਵਿੱਚ ਦਾਖਿਲ ਹੋਣਾ ਸੁਰੱਖਿਅਤ ਹੈ ਜਾਂ ਨਹੀਂ।
ਜੇ ਚਿੱਟੇ ਰੰਗ ਦਾ ਸਟੀਕਰ ਲੱਗਿਆ ਹੈ ਤਾਂ ਇਸਦਾ ਮਤਲਬ ਇਹ ਹੈ ਕਿ ਇਮਾਰਤ ਨੂੰ ਨੁਕਸਾਨ ਜਾਂ ਤਾਂ ਬਹੁਤ ਥੋੜਾ ਜਾਂ ਫਿਰ ਨਾ ਮਾਤਰ ਨੁਕਸਾਨ ਹੀ ਪੁੱਜਾ ਹੈ ਤੇ ਇਮਾਰਤ ਰਹਿਣਯੋਗ ਹੈ। ਹਾਲਾਂਕਿ ਨਾ-ਦਿਖਣ ਵਾਲੇ ਨੁਕਸਾਨ ਬਾਰੇ ਇਸ ਵਿੱਚ ਕੁਝ ਨਹੀਂ ਕਿਹਾ ਜਾ ਸਕਦਾ।
ਜੇ ਪੀਲੇ ਰੰਗ ਦਾ ਸਟੀਕਰ ਜਾਂ ਪਲੇਕਾਰਡ ਲੱਗਾ ਹੈ ਤਾਂ ਇਸਦਾ ਮਤਲਬ ਹੈ ਕਿ ਇਮਾਰਤ ਨੂੰ ਮਧਿਅਮ ਦਰਜੇ ਦਾ ਨੁਕਸਾਨ ਪੁੱਜਾ ਹੈ ਤੇ ਇਸ ਵਿੱਚ ਰਿਹਾਇਸ਼ ਕਰਨਾ ਖਤਰਿਆਂ ਭਰਿਆ ਹੋ ਸਕਦਾ ਹੈ, ਇਸੇ ਲਈ ਇਮਾਰਤ ਵਿੱਚੋਂ ਜਰੂਰੀ ਤੇ ਕੀਮਤੀ ਸਮਾਨ ਕੱਢ ਲਿਆ ਜਾਏ।
ਲਾਲ ਰੰਗ ਦੇ ਸਟੀਕਰ ਦਾ ਮਤਲਬ ਹੈ ਕਿ ਇਮਾਰਤ ਵਿੱਚ ਬਿਲਕੁਲ ਵੀ ਦਾਖਿਲ ਨਹੀਂ ਹੋਇਆ ਜਾ ਸਕਦਾ ਤੇ ਇਮਾਰਤ ਨੂੰ ਕਾਫੀ ਜਿਆਦਾ ਨੁਕਸਾਨ ਪੁੱਜਾ ਹੈ, ਜਿਸ ਦੇ ਨਤੀਜੇ ਵਜੋਂ ਘਰ ਵਿੱਚ ਰਹਿਣ ਵਾਲਿਆਂ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ।
ਲਾਲ ਸਟੀਕਰਾਂ ਵਾਲੀਆਂ ਇਮਾਰਤਾਂ ਨੂੰ ਤਾਂ ਇੰਸ਼ੋਰੈਂਸ ਵਾਲੇ ਵੀ ਕਾਉਂਸਲ ਇੰਸਪੈਕਟਰ ਦੀ ਇਜਾਜਤ ਤੋਂ ਬਗੈਰ ਦਾਖਿਲ ਨਹੀਂ ਹੋ ਸਕਦੇ।
ਇਮਾਰਤਾਂ ਦੀ ਜਾਂਚ ਕਰਨ ਲਈ ਕਾਉਂਸਲ ਦੇ ਇੰਸਪੈਕਟਰ ਕਾਫੀ ਤੇਜੀ ਨਾਲ ਇਸ ਵੇਲੇ ਕੰਮ ਕਰ ਰਹੇ ਹਨ।