ਆਕਲੈਂਡ (ਹਰਪ੍ਰੀਤ ਸਿੰਘ) - ਏਅਰ ਨਿਊਜੀਲੈਂਡ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਏਅਰ ਨਿਊਜੀਲੈਂਡ ਇਸ ਵੇਲੇ ਏਅਰਲਾਈਨ ਦੇ ਇਤਿਹਾਸ ਵਿੱਚ ਸਭ ਤੋਂ ਵੱਡੇ ਕਸਟਮਰ ਰਿਕਵਰੀਜ਼ ਨੂੰ ਅੰਜਾਮ ਦੇ ਰਹੀ ਹੈ। ਦਰਅਸਲ ਆਕਲੈਂਡ ਏਅਰਪੋਰਟ ਦੇ ਹੜ੍ਹਾਂ ਕਾਰਨ ਬੰਦ ਹੋਣ ਦੇ ਨਤੀਜੇ ਵਜੋਂ 9000 ਯਾਤਰੀ ਬਾਹਰੀ ਮੁਲਕਾਂ ਵਿੱਚ ਫਸ ਗਏ ਸਨ ਤੇ ਇਨ੍ਹਾਂ ਵਿੱਚ ਸਭ ਤੋਂ ਜਿਆਦਾ ਸਿੰਘਾਪੁਰ ਦੇ ਏਅਰਪੋਰਟ 'ਤੇ ਫਸੇ ਯਾਤਰੀ ਸਨ, ਜਿਨ੍ਹਾਂ ਦੀ ਗਿਣਤੀ ਹਜਾਰਾਂ ਵਿੱਚ ਸੀ ਤੇ ਯਾਤਰੀਆਂ ਨੂੰ ਇਸ ਕਾਰਨ ਕਾਫੀ ਜਿਆਦਾ ਪ੍ਰੇਸ਼ਾਨੀ ਝੱਲਣੀ ਪੈ ਰਹੀ ਸੀ।
ਏਅਰ ਨਿਊਜੀਲੈਂਡ ਇਨ੍ਹਾਂ ਯਾਤਰੀਆਂ ਨੂੰ ਨਿਊਜੀਲੈਂਡ ਵਾਪਿਸ ਲਿਆਉਣ ਲਈ ਸਿੰਘਾਪੁਰ ਏਅਰਲਾਈਨਜ਼ ਨਾਲ ਰੱਲ ਕੇ ਕੰਮ ਕਰ ਰਹੀ ਹੈ ਤੇ ਹੋਰ ਵੱਡੇ ਜਹਾਜ ਕਿਰਾਏ 'ਤੇ ਲੈ ਰਹੀ ਹੈ। ਏਅਰਲਾਈਨਜ਼ ਨੇ ਦੱਸਿਆ ਹੈ ਕਿ ਹੁਣ ਤੱਕ 7800 ਯਾਤਰੀਆਂ ਦੀ ਟਿਕਟ ਰਿਬੁੱਕ ਕਰ ਦਿੱਤੀ ਗਈ ਹੈ ਅਤੇ ਬਾਕੀਆਂ ਦੀਆਂ ਟਿਕਟਾਂ ਵੀ ਜਲਦ ਬੁੱਕ ਕਰ ਲਈਆਂ ਜਾਣਗੀਆਂ।