ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਪੁਲਿਸ ਦੇ ਨਵੇਂ ਬਣੇ ਮਨਿਸਟਰ ਸਟੁਅਰਟ ਨੈਸ਼ ਤੋਂ ਡੇਅਰੀ ਅਤੇ ਛੋਟੇ ਕਾਰੋਬਾਰੀਆਂ ਦਾ ਭਰੋਸਾ ਉੱਠ ਗਿਆ ਹੈ। ਕਾਰੋਬਾਰੀਆਂ ਨੂੰ ਆਸ ਸੀ ਕਿ ਲੁੱਟਾਂ-ਖੋਹਾਂ ਦਾ ਸ਼ਿਕਾਰ ਹੁੰਦੇ ਕਾਰੋਬਾਰੀਆਂ ਨੂੰ ਮਿਲਣ ਤੇ ਉਨ੍ਹਾਂ ਦੀਆਂ ਸੱਮਸਿਆਵਾਂ ਨੂੰ ਖਤਮ ਕਰਨ ਲਈ ਉਨ੍ਹਾਂ ਨਾਲ ਨਵੇਂ ਪੁਲਿਸ ਮਨਿਸਟਰ ਵਲੋਂ ਮਿਲਣੀ ਕੀਤੀ ਜਾਏਗੀ। ਪਰ ਇਸਦੇ ਉਲਟ ਸਟੁਅਰਟ ਨੈਸ਼ ਦੀ ਨਿਊਜੀਲੈਂਡ ਸਰਕਾਰ ਦੇ ਸਿਗਰੇਟਾਂ ਵੇਚਣ ਵਾਲੇ ਸਟੋਰਾਂ ਦੀ ਗਿਣਤੀ ਘਟਾ ਕੇ ਸਿਰਫ 10% ਕੀਤੇ ਜਾਣ ਦੇ ਫੈਸਲੇ ਨੂੰ ਲੁੱਟਾਂ-ਖੋਹਾਂ ਖਤਮ ਕਰਨ ਦਾ ਵਧੀਆ ਤਰੀਕਾ ਦੱਸੇ ਜਾਣ ਤੋਂ ਬਾਅਦ ਕਾਰੋਬਾਰੀ ਉਨ੍ਹਾਂ ਨਾਲ ਨਾਖੁਸ਼ ਹਨ।
ਕਾਰੋਬਾਰੀਆਂ ਦਾ ਕਹਿਣਾ ਹੈ ਕਿ ਸਿਗਰੇਟਾਂ ਜਾਂ ਤੰਬਾਕੂ ਉਤਪਾਦ ਵੇਚਕੇ ਹੀ ਉਨ੍ਹਾਂ ਦੇ ਕਾਰੋਬਾਰ ਨੂੰ ਰੈਵੇਨਿਊ ਮਿਲਦਾ ਹੈ ਤੇ ਸਰਕਾਰ ਦੇ ਇਸ ਫੈਸਲੇ ਨਾਲ ਕਰਾਈਮ ਖਤਮ ਨਹੀਂ ਹੋਏਗਾ, ਬਲਕਿ 90% ਛੋਟੇ ਕਾਰੋਬਾਰੀ ਆਪਣੇ ਕਾਰੋਬਾਰ ਬੰਦ ਕਰਨ ਨੂੰ ਮਜਬੂਰ ਹੋ ਜਾਣਗੇ।
ਡੇਅਰੀ ਐਂਡ ਬਿਜਨੈਸ ਓਨਰਟਜ਼ ਗਰੁੱਪ ਇਨ: ਦੇ ਬੁਲਾਰੇ ਸੰਦੀਪ ਅਗਰਵਾਲ ਦਾ ਕਹਿਣਾ ਹੈ ਕਿ ਸਰਕਾਰ ਨੂੰ ਆਪਣੀਆਂ ਗਲਤੀਆਂ ਦੇਖਣੀਆਂ ਚਾਹੀਦੀਆਂ ਹਨ।
ਉਨ੍ਹਾਂ ਦੱਸਿਆ ਕਿ ਸਰਕਾਰ ਤੰਬਾਕੂ ਉਤਪਾਦਾਂ 'ਤੇ ਮੋਟੇ ਟੈਕਸ ਲਾਕੇ ਹਰ ਸਾਲ ਬਿਲੀਅਨ ਡਾਲਰ ਟੈਕਸ ਇੱਕਠਾ ਕਰਦੀ ਹੈ ਤੇ ਇਨ੍ਹਾਂ ਟੈਕਸਾਂ ਕਾਰਨ ਹੀ ਤੰਬਾਕੂ ਉਤਪਾਦਾਂ ਦੇ ਮੁੱਲ ਬਹੁਤ ਮਹਿੰਗੇ ਹਨ ਤੇ ਕਿਤੇ ਨਾ ਕਿਤੇ ਲੁੱਟਾਂ ਦੀਆਂ ਘਟਨਾਵਾਂ ਦਾ ਵਧਣਾ ਵੀ ਤੰਬਾਕੂ ਉਤਪਾਦਾਂ ਦੇ ਬੇਲੋੜੇ ਮੁੱਲ ਵਧਣ ਨਾਲ ਜੁੜਿਆ ਹੈ।