ਆਕਲੈਂਡ (ਹਰਪ੍ਰੀਤ ਸਿੰਘ) - ਇੱਕ ਪਾਸੇ ਤਾਂ ਨਿਊਜੀਲੈਂਡ ਸਰਕਾਰ ਵਲੋਂ ਨਿਊਜੀਲੈਂਡ ਦੇ ਐਜੁਕੇਸ਼ਨ ਸੈਕਟਰ ਨੂੰ ਦੁਨੀਆਂ ਭਰ ਦੇ ਦੇਸ਼ਾਂ ਵਿੱਚ ਮਾਰਕੀਟ ਕੀਤਾ ਜਾ ਰਿਹਾ ਹੈ ਤਾਂ ਜੋ ਵਿਦਿਆਰਥੀ ਇੱਥੇ ਆ ਕੇ ਪੜ੍ਹ ਸਕਣ ਤੇ ਇਨ੍ਹਾਂ ਵਿਦਿਆਰਥੀਆਂ ਦੀਆਂ ਫੀਸਾਂ ਤੋਂ ਹੋਣ ਵਾਲੀ ਮੋਟੀ ਕਮਾਈ ਤੋਂ ਨਿਊਜੀਲੈਂਡ ਦੀ ਅਰਥ-ਵਿਵਸਥਾ ਮੁੜ ਲੀਹਾਂ 'ਤੇ ਹੋ ਸਕੇ, ਪਰ ਦੂਜੇ ਇਮੀਗ੍ਰੇਸ਼ਨ ਨਿਊਜੀਲੈਂਡ ਵਲੋਂ ਵਿਦਿਆਰਥੀ ਵੀਜੇ ਜਾਰੀ ਕਰਨ ਵਿੱਚ ਕੀਤੀ ਜਾ ਰਹੀ ਦੇਰੀ ਕੁਝ ਹੋਰ ਹੀ ਬਿਆਨ ਕਰ ਰਹੀ ਹੈ।
ਵੀਜੇ ਜਾਰੀ ਹੋਣ ਨੂੰ ਲੈਕੇ ਦੇਰੀ ਨਾ ਸਿਰਫ ਵਿਦਿਆਰਥੀਆਂ ਲਈ ਦੁਚਿੱਤੀ ਭਰਿਆ ਮਾਹੌਲ ਪੈਦਾ ਕਰ ਰਹੀ, ਬਲਕਿ ਵਿਦਿਆਰਥੀ ਵਿੱਚ ਡਿਪਰੈਸ਼ਨ ਦਾ ਕਾਰਨ ਵੀ ਬਣ ਰਹੀ ਹੈ, ਜੋ ਲੰਬੇ ਸਮੇਂ ਤੋਂ ਆਪਣੇ ਵੀਜਿਆਂ ਦੀ ਉਡੀਕ ਕਰ ਰਹੇ ਹਨ, ਕਈ ਵਿਦਿਆਰਥੀਆਂ ਦੇ ਸੈਸ਼ਨ ਤਾਂ ਇਸੇ ਮਹੀਨੇ 23 ਫਰਵਰੀ ਨੂੰ ਸ਼ੁਰੂ ਹੋਣੇ ਹਨ, ਪਰ ਅਜੇ ਤੱਕ ਉਨ੍ਹਾਂ ਦੀਆਂ ਫਾਈਲਾਂ ਪ੍ਰੋਸੈਸਿੰਗ ਵਿੱਚ ਹਨ।
ਇਮੀਗ੍ਰੇਸ਼ਨ ਨਿਊਜੀਲੈਂਡ ਵਲੋਂ ਹਾਸਿਲ ਜਾਣਕਾਰੀ ਮੁਤਾਬਕ ਬਾਰਡਰ ਖੁੱਲਣ ਤੋਂ ਬਾਅਦ 6 ਫਰਵਰੀ ਤੱਕ ਉਨ੍ਹਾਂ ਕੋਲ ਕੁੱਲ 32,000 ਵਿਦਿਆਰਥੀ ਵੀਜੇ ਦੀਆਂ ਫਾਈਲਾਂ ਪੁੱਜੀਆਂ ਸਨ, ਜਿਨ੍ਹਾਂ ਵਿੱਚੋਂ 24,000 ਦੀ ਪ੍ਰੋਸੈਸਿੰਗ ਹੋ ਚੁੱਕੀ ਹੈ।