Friday, 23 February 2024
15 February 2023 New Zealand

ਕ੍ਰਿਸ਼ਮਾਈ ਢੰਗ ਨਾਲ ਲੱਕੜ ਦੇ ਲੱਠੇ ਨੇ 8 ਘੰਟੇ ਤੱਕ ਬਚਾਈ ਇਸ ਪਰਿਵਾਰ ਦੀ ਜਾਨ

ਧੀ ਨੇ ਰੌਂਦਿਆਂ ਦੱਸਿਆ ਕਿ ਅਸੀਂ ਤਾਂ ਸੋਚਿਆ ਕਿ ਰੁੱੜ ਗਿਆ ਸਾਰਾ ਪਰਿਵਾਰ
ਕ੍ਰਿਸ਼ਮਾਈ ਢੰਗ ਨਾਲ ਲੱਕੜ ਦੇ ਲੱਠੇ ਨੇ 8 ਘੰਟੇ ਤੱਕ ਬਚਾਈ ਇਸ ਪਰਿਵਾਰ ਦੀ ਜਾਨ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਹਾਕਸ ਬੇਅ ਵਿੱਚ ਅਜੇ ਵੀ 12 ਹੈਲੀਕਾਪਟਰ ਮੁਸੀਬਤ ਵਿੱਚ ਫਸੇ ਪਰਿਵਾਰਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾ ਰਹੇ ਹਨ। ਇਨ੍ਹਾਂ ਵਿੱਚੋਂ ਹੀ ਇੱਕ ਪਰਿਵਾਰ ਸੀ, ਸੋਨਯਾ ਕਿਲਮਿਸਟਰ ਦਾ, ਜਿਸਦੀ ਧੀ ਐਲਾ ਕਿਲਮਿਸਟਰ ਤੇ 7 ਸਾਲਾ ਬੇਟੇ ਟੋਬੀ ਨੇ ਇੱਕ ਲੱਕੜ ਦੇ ਲੱਠੇ 'ਤੇ ਬੈਠਕੇ ਆਪਣੀ ਜਾਨ ਬਚਾਈ ਤੇ ਕਰੀਬ 8 ਘੰਟੇ ਹੜ੍ਹ ਦੇ ਪਾਣੀ ਵਿੱਚ ਲੱਕੜ ਦਾ ਉਹ ਲੱਠਾ ਹੀ ਉਨ੍ਹਾਂ ਦੀ ਜਿੰਦਗੀ ਦਾ ਸਹਾਰਾ ਬਣਿਆ ਰਿਹਾ।
ਧੀ ਮੋਲੀ ਲੀਗ ਨੇ ਦੱਸਿਆ ਕਿ ਉਸ ਨਾਲ ਉਸਦੀ ਮਾਂ ਸੋਨਯਾ ਦੀ ਬੀਤੇ ਦਿਨੀਂ ਸਵੇਰੇ 5.30 ਵਜੇ ਗੱਲ ਹੋਈ ਤੇ ਫੋਨ 'ਤੇ ਹੋਈ ਕੁਝ ਪਲਾਂ ਦੀ ਗੱਲ ਵਿੱਚ ਇਹ ਸਾਫ ਹੋ ਗਿਆ ਕਿ ਸਾਰਾ ਪਰਿਵਾਰ ਮੁਸੀਬਤ ਵਿੱਚ ਹੈ ਕਿਉਂਕਿ ਘਰ ਵਿੱਚ ਤੇਜੀ ਨਾਲ ਪਾਣੀ ਵੱਧ ਰਿਹਾ ਸੀ ਤੇ ਫਿਰ ਕੀ ਸੀ, ਨਾ ਤਾਂ ਮੁੜ ਉਨ੍ਹਾਂ ਦਾ ਫੋਨ ਦੁਬਾਰਾ ਆਇਆ ਤੇ ਨਾ ਹੀ ਪਰਿਵਾਰ ਦਾ ਕੁਝ ਪਤਾ ਲੱਗਿਆ।
ਭਾਵੁਕ ਹੁੰਦਿਆਂ ਮੋਲੀ ਨੇ ਦੱਸਿਆ ਕਿ ਉਸਨੇ ਇੱਕ ਵਾਰ ਤਾਂ ਅਜਿਹਾ ਵੀ ਸੋਚ ਲਿਆ ਕਿ ਪੂਰਾ ਪਰਿਵਾਰ ਹੜ੍ਹ ਦੇ ਪਾਣੀ ਵਿੱਚ ਵਹਿ ਗਿਆ ਹੈ।
ਪਰ ਚੰਗੀ ਕਿਸਮਤ ਨੂੰ ਤਿੰਨੋਂ ਜਣੇ ਇੱਕ ਲੱਕੜ ਦੇ ਲੱਠੇ ਦੇ ਸਹਾਰੇ ਹੜ੍ਹ ਦੇ ਪਾਣੀ ਵਿੱਚ ਟਿਕੇ ਰਹੇ।
ਸੋਨਯਾ ਨੇ ਦੱਸਿਆ ਕਿ ਇਸ ਸਭ ਦੌਰਾਨ ਵਾਰ-ਵਾਰ ਉਨ੍ਹਾਂ ਦੇ ਸਿਰ ਤੋਂ ਮੱਦਦ ਕਰਨ ਵਾਲੇ ਹੈਲੀਕਾਪਟਰ ਗੁਜਰ ਰਹੇ ਸਨ, ਪਰ ਜਦੋਂ ਕੋਈ ਹੈਲੀਕਾਪਟਰ ਉਨ੍ਹਾਂ ਕੋਲ ਨਾ ਪੁੱਜਦਾ ਤਾਂ ਉਨ੍ਹਾਂ ਦੀ ਉਮੀਦ ਖਤਮ ਹੁੰਦੀ ਜਾਂਦੀ, ਪਰ ਆਖਿਰ ਚਮਤਕਾਰੀ ਢੰਗ ਨਾਲ ਇੱਕ ਹੈਲੀਕਾਪਟਰ ਨੇ ਪਰਿਵਾਰ ਨੂੰ ਬਚਾ ਲਿਆ। ਪਰਿਵਾਰ ਨੇ ਦੱਸਿਆ ਦੁਖੀ ਹੁੰਦਿਆਂ ਦੱਸਿਆ ਕਿ ਉਨ੍ਹਾਂ ਦਾ ਪਾਲਤੂ ਕੁੱਤਾ ਹੜ੍ਹ ਦੇ ਪਾਣੀ ਵਿੱਚ ਵਹਿ ਗਿਆ ਹੈ।

ADVERTISEMENT
NZ Punjabi News Matrimonials