ਆਕਲੈਂਡ (ਹਰਪ੍ਰੀਤ ਸਿੰਘ) - ਸਾਈਕਲੋਨ ਗੈਬਰੀਆਲ ਦੇ ਕਾਰਨ ਹੁਣ ਤੱਕ ਮਰਨ ਵਾਲੇ ਲੋਕਾਂ ਦੀ ਗਿਣਤੀ 5 ਤੱਕ ਪੁੱਜ ਗਈ ਹੈ, ਪਰ ਪ੍ਰਧਾਨ ਮੰਤਰੀ ਕ੍ਰਿਸਹਿਪਕਿਨਸ ਦਾ ਮੰਨਣਾ ਹੈ ਕਿ ਇਸ ਗਿਣਤੀ ਵਿੱਚ ਵਾਧਾ ਹੋਣਾ ਸੰਭਾਵਿਤ ਹੈ, ਕਿਉਂਕਿ ਨਿਊਜੀਲੈਂਡ ਪੁਲਿਸ ਅਨੁਸਾਰ 3544 ਲੋਕਾਂ ਬਾਰੇ ਉਨ੍ਹਾਂ ਨੂੰ ਅਜੇ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ ਹੈ ਤੇ ਇਨ੍ਹਾਂ ਲੋਕਾਂ ਨੂੰ 'ਅਨਟਰੇਸੇਬਲ' ਲੋਕਾਂ ਦੀ ਸੂਚੀ ਵਿੱਚ ਪਾ ਦਿੱਤਾ ਗਿਆ ਹੈ।
ਕਈ ਹਜਾਰਾਂ ਘਰ ਅਜੇ ਵੀ ਬਿਜਲੀ ਤੋਂ ਬਗੈਰ ਗੁਜਾਰਾ ਕਰ ਰਹੇ ਹਨ ਅਤੇ ਟ੍ਰਾਂਸਪਾਵਰ ਦਾ ਕਹਿਣਾ ਹੈ ਕਿ ਅਜੇ ਬਿਜਲੀ ਦੀ ਸਪਲਾਈ ਬਹਾਲ ਕਰਨ ਨੂੰ ਕਈ ਦਿਨ ਜਾਂ ਕਈ ਹਫਤਿਆਂ ਦਾ ਸਮਾਂ ਲੱਗ ਸਕਦਾ ਹੈ।
ਗੈਬਰੀਆਲ ਕਾਰਨ ਸਭ ਤੋਂ ਜਿਆਦਾ ਪ੍ਰਭਾਵਿਤ ਇਲਾਕੇ ਨੈਪੀਅਰ ਤੇ ਕੇਂਦਰੀ ਹਾਕਸਬੇਅ ਵਿੱਚੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਉਣ ਦਾ ਕੰਮ ਅਜੇ ਵੀ ਜਾਰੀ ਹੈ।
ਨੈਪੀਅਰ ਤੇ ਹਾਕਸਬੇਅ ਵਿਚਾਲੇ ਹਾਈਵੇਅ 'ਤੇ ਪੁੱਲ ਟੁੱਟਣ ਕਾਰਨ ਜੋ ਰਸਤਾ ਬੰਦ ਹੋਇਆ ਸੀ, ਉਸਨੂੰ ਐਮਰਜੈਂਸੀ ਤੇ ਕਰੀਟੀਕਲ ਵਰਕਰਾਂ ਲਈ ਖੋਲ ਦਿੱਤਾ ਗਿਆ ਹੈ।