ਆਕਲੈਂਡ (ਐਨ ਜ਼ੈੱਡ ਪੰਜਾਬੀ ਨਿਊਜ਼ ਸਰਵਿਸ ) ਗੁਰਮਿਤ ਸੰਗੀਤ ਵਿਚ ਆਪਣਾ ਵੱਖਰਾ ਮੁਕਾਮ ਰੱਖਣ ਵਾਲੇ ਹਜ਼ੂਰੀ ਰਾਗੀ ਅਤੇ ਪਦਮ ਸ੍ਰੀ ਭਾਈ ਨਿਰਮਲ ਸਿੰਘ ਜੋ ਬੀਤੇ ਦਿਨਾਂ ਤੋਂ ਕੋਵਿਡ 19 (ਕਰੋਨਾ ਵਾਇਰਸ ) ਤੋਂ ਪੀੜਤ ਸਨ | ਹੁਣ ਤੋਂ ਕੁਝ ਸਮਾਂ ਪਹਿਲਾ ਅਕਾਲ ਚਲਾਣਾ ਕਰ ਗਏ ਹਨ | ਇਥੇ ਜਿਕਰਯੋਗ ਹੈ ਕਿ ਭਾਈ ਨਿਰਮਲ ਸਿੰਘ ਲੰਬੇ ਸਮੇਂ ਤੋਂ ਦਮੇ ਦੇ ਮਰੀਜ਼ ਸਨ ਜਿਸ ਦੇ ਚੱਲਦਿਆਂ ਉਹ ਕਰੋਨਾ ਵਾਇਰਸ ਦੇ ਨਾਲ ਲੜਾਈ ਨਹੀਂ ਲੜ ਸਕੇ | ਨਿਊਜ਼ਲੈਂਡ ਤੋਂ ਸੁਪਰੀਮ ਸਿੱਖ ਸੁਸਾਇਟੀ ਦੇ ਮੁੱਖ ਬੁਲਾਰੇ ਅਤੇ ਭਾਈ ਨਿਰਮਲ ਸਿੰਘ ਦੇ ਅਤਿ ਨਜ਼ਦੀਕੀ ਸਨੇਹੀ ਭਾਈ ਦਲਜੀਤ ਸਿੰਘ ਨੇ ਇਹ ਜਾਣਕਾਰੀ ਮੀਡੀਆ ਨੂੰ ਦਿੰਦਿਆਂ ਕਿਹਾ ਕਿ ਉਹਨਾਂ ਦਾ ਅਕਾਲ ਚਲਾਣਾ ਸਮੁੱਚੀ ਨਾਨਕ ਨਾਮ ਲੇਵਾ ਸੰਗਤ ਲਈ ਅਸਹਿ ਹੈ , ਇਥੇ ਉਹਨਾਂ ਸਮੁੱਚੀ ਸੁਪਰੀਮ ਸਿੱਖ ਸੁਸਾਇਟੀ ਅਤੇ ਨਿਊਜ਼ੀਲੈਂਡ ਦੀ ਸੰਗਤ ਵਲੋਂ ਭਾਈ ਨਿਰਮਲ ਸਿੰਘ ਦੇ ਇਸ ਵਿਛੋੜੇ ਉੱਪਰ ਸ਼ੋਕ ਦਾ ਪ੍ਰਗਟਾਵਾ ਵੀ ਕੀਤਾ | ਇਥੇ ਤੁਹਾਨੂੰ ਦੱਸ ਦਈਏ ਕਿ ਭਾਈ ਨਿਰਮਲ ਸਿੰਘ ਹੁਣ ਤੋਂ ਕੁਝ ਮਹੀਨੇ ਪਹਿਲਾ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਪ੍ਰਕਾਸ਼ ਉਤਸਵ ਨੂੰ ਸਬੰਧਿਤ ਸਮਾਗਮਾਂ ਮੌਕੇ ਨਿਊਜ਼ੀਲੈਂਡ ਦੀ ਸੰਗਤ ਨੂੰ ਇਲਾਹੀ ਗੁਰਮਿਤ ਸੰਗੀਤ ਨਾਲ ਨਿਹਾਲ ਕਰਕੇ ਗਏ ਸਨ | ਇਥੇ ਜਿਕਰਯੋਗ ਹੈ ਕਿ ਇਸ ਮੌਕੇ ਭਾਈ ਨਿਰਮਲ ਸਿੰਘ ਦੇ ਪਰਿਵਾਰ ਦੇ ਮੈਂਬਰ ਵੀ ਜਾਂਚ ਅਧੀਨ ਅਤੇ ਪੰਜਾਬ ਸਰਕਾਰ ਦੇ ਸਹਿਤ ਮਹਿਕਮੇ ਦੀ ਨਿਗਰਾਨੀ ਹੇਠ ਹਨ |