ਆਕਲੈਂਡ (ਹਰਪ੍ਰੀਤ ਸਿੰਘ) - ਪਤਨੀ ਨਾਲ 23 ਸਾਲਾਂ ਦੀ ਵਿਆਹੁਤਾ ਜਿੰਦਗੀ ਨਿਭਾਉਣ ਮਗਰੋਂ ਪਤਨੀ ਕੋਲੋਂ ਇਹ ਸੁਨਣਾ ਕਿ ਉਹ ਰਿਸ਼ਤਾ ਤੋੜਣਾ ਚਾਹੁੰਦੀ ਹੈ, ਕਿਉਂਕਿ ਉਹ ਕਿਸੇ ਹੋਰ ਨੂੰ ਪਸੰਦ ਕਰਨ ਲੱਗੀ ਹੈ ਤਾਂ ਇਸ ਦਾ ਪ੍ਰਭਾਵ ਸੁਨਣ ਵਾਲੇ ਵਿਅਕਤੀ ਲਈ ਅਸਹਿਣਯੋਗ ਹੀ ਹੋਏਗਾ।
ਅਜਿਹਾ ਹੀ ਇੱਕ ਮਾਮਲਾ ਪਾਲਮਰਸਟਨ ਨਾਰਥ ਦੀ ਅਦਾਲਤ ਵਿੱਚ ਸਾਹਮਣੇ ਆਇਆ ਹੈ, ਜਿੱਥੇ ਇੱਕ ਪਤੀ 'ਤੇ ਪਤਨੀ ਸਮੇਤ ਪਹਾੜੀ ਚੋਟੀ ਤੋਂ ਆਪਣੀ ਕਾਰ ਸੁੱਟ ਦਿੱਤੀ, ਪਰ ਚੰਗੀ ਕਿਸਮਤ ਨੂੰ ਦੋਨੋਂ ਬੱਚ ਗਏ ਤੇ ਮਹਿਲਾ ਨੇ ਮੌਕੇ ਤੋਂ ਭੱਜ ਕੇ ਆਪਣੀ ਜਾਨ ਬਚਾਈ।
ਅਦਾਲਤ ਵਿੱਚ ਕਰਾਊਨ ਦੀ ਸਟੇਟਮੈਂਟ ਅਨੁਸਾਰ ਪਤੀ ਨੇ ਪਤਨੀ ਕੋਲੋਂ ਇਹ ਕੌੜਾ ਸੱਚ ਸੁਨਣ ਮਗਰੋਂ ਉਸਨੂੰ ਇਹ ਕਿਹਾ ਕਿ ਉਹ ਪਤਨੀ ਤੋਂ ਬਗੈਰ ਜੀਅ ਨਹੀਂ ਸਕਦਾ ਤੇ ਉਸਨੇ ਕਾਰ ਨੂੰ ਪਹਾੜੀ ਤੋਂ ਸੁੱਟ ਦਿੱਤਾ ਤਾਂ ਜੋ ਦੋਨੋਂ ਜਣੇ ਖਤਮ ਹੋ ਜਾਣ।
ਦੂਜੇ ਪਾਸੇ ਬਚਾਅ ਪੱਖ ਦੇ ਵਕੀਲ ਦਾ ਕਹਿਣਾ ਹੈ ਕਿ ਨਾ ਤਾਂ ਵਿਅਕਤੀ ਆਪਣੇ ਆਪ ਨੂੰ ਕਤਲ ਕਰਨਾ ਚਾਹੁੰਦਾ ਸੀ ਤੇ ਨਾ ਹੀ ਪਤਨੀ ਨੂੰ, ਬਲਕਿ ਉਸਨੂੰ ਨੀਂਦ ਆ ਗਈ ਤੇ ਉਸਦੀ ਕਾਰ ਬੇਕਾਬੂ ਹੋ ਗਈ।
ਕਰਾਊਨ ਸਟੈਟਮੈਂਟ ਅਨੁਸਾਰ ਇਹ ਵੀ ਸਾਹਮਣੇ ਆਇਆ ਕਿ ਵਿਅਕਤੀ ਨੂੰ ਸ਼ੱਕ ਸੀ ਕਿ ਮਹਿਲਾ ਉਸ ਵਿਅਕਤੀ ਨੂੰ ਪਸੰਦ ਕਰਨ ਲੱਗ ਗਈ ਸੀ, ਜਿਸ ਫਾਰਮ 'ਤੇ ਵਿਅਕਤੀ ਕੰਮ ਕਰਦਾ ਸੀ ਤੇ ਇਸੇ ਕਾਰਨ ਦੋਨਾਂ ਦਾ ਰਿਸ਼ਤਾ ਲਗਾਤਾਰ ਖਰਾਬ ਹੁੰਦਾ ਰਿਹਾ।
ਹੁਣ ਕੇਸ ਦੀ ਕਾਰਵਾਈ ਅਦਾਲਤ ਵਿੱਚ ਇੱਕ ਹਫਤੇ ਮਗਰੋਂ ਫਿਰ ਸ਼ੁਰੂ ਹੋਏਗੀ।