-ਨੌਕਰੀ ਨੂੰ ਠੋਕਰ ਮਾਰ ਕੇ ਮਨੁੱਖੀ ਅਧਿਕਾਰ ਕਮਿਸ਼ਨ ਤੱਕ ਪੁੱਜੇ
ਆਕਲੈਂਡ : ਅਵਤਾਰ ਸਿੰਘ ਟਹਿਣਾ
ਸਾਊਥ ਆਕਲੈਂਡ ਦੀ ਇੱਕ ਟਰੱਕ ਕੰਪਨੀ `ਚ ਕੰਮ ਕਰ ਰਹੇ ਦੋ ਪੰਜਾਬੀ ਟਰੱਕ ਡਰਾਈਵਰਾਂ ਨੇ ਨਸਲੀ ਟਿੱਪਣੀ ਨਾ ਸਹਾਰਦੇ ਹੋਏ ਜੌਬ ਨੂੰ ਲੱਤ ਮਾਰ ਦਿੱਤੀ। ਇਨ੍ਹਾਂ ਨੂੰ ਕੰਪਨੀ ਮੈਨੇਜਰ ਨੇ ਆਖਿਆ ਸੀ ਕਿ ‘ਸਾਰੇ ਸਿੱਖ ਅੱਤਵਾਦੀ’ ਹੁੰਦੇ ਹਨ। ਹੁਣ ਇਹ ਮਾਮਲਾ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਪਹੁੰਚ ਚੁੱਕਾ ਹੈ, ਜਿਸਦੀ ਪੈਰਵੀ ਸੁਪਰੀਮ ਸਿੱਖ ਸੁਸਾਇਟੀ ਵੱਲੋਂ ਕੀਤੀ ਜਾ ਰਹੀ ਹੈ। ਪਰ ਕੰਪਨੀ ਦੀ ਮਾਲਕ ਅਜੇ ਕੁੱਝ ਵੀ ਕਹਿਣ ਤੋਂ ਟਾਲਾ ਵੱਟ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਟਾਕਾਨਿਨੀ `ਚ ਪਿਛਲੇ 40 ਸਾਲ ਤੋਂ ਬਿਜ਼ਨਸ ਕਰ ਰਹੀ ਸਾਊਥਰਨ ਡਿਸਟ੍ਰਿਕਸ ਟੋਇੰਗ ਕੰਪਨੀ ਨਾਲ ਸਬੰਧਤ ਹੈ ਅਤੇ ਘਟਨਾ ਪਿਛਲੇ ਸਾਲ ਸਤੰਬਰ ਮਹੀਨੇ ਹੋਈ ਸੀ।
ਜਿੱਥੇ ਦੋ ਪੰਜਾਬੀ ਨੌਜਵਾਨ ਰਾਮਿੰਦਰ ਸਿੰਘ ਅਤੇ ਸੁਮੀਦ ਨੰਦਪੁਰੀ
ਕਈ-ਕਈ ਸਾਲਾਂ ਤੋਂ ਟਰੱਕ ਡਰਾਈਵਰ ਵਜੋਂ ਕੰਮ ਕਰਦੇ ਆ ਰਹੇ ਸਨ। ਜਿੱਥੇ ਕੰਪਨੀ ਦੇ ਨਵੇਂ ਮੈਨੇਜਰ ਨੇ ਰਾਮਿੰਦਰ ਸਿੰਘ ਨੂੰ ਆਖ ਦਿੱਤਾ ਕਿ ‘ਸਾਰੇ ਸਿੱਖ ਅੱਤਵਾਦੀ’ ਹੁੰਦੇ ਹਨ। ਇਸ ਤਰ੍ਹਾਂ ਹੀ ਪੰਜਾਬੀ ਬਾਰੇ ਮੰਦੀ ਟਿੱਪਣੀ ਨੰਦਪੁਰੀ `ਤੇ ਕੀਤੀ ਸੀ। ਜਿਸ ਪਿੱਛੋਂ ਦੋਹਾਂ ਨੇ ਜੌਬ ਨੂੰ ਠੋਕਰ ਮਾਰ ਦਿੱਤੀ। ਭਾਵੇਂ ਦੋਹਾਂ ਨੇ ਇੰਪਲੋਏਮੈਂਟ ਰਿਲੇਸ਼ਨਜ ਅਥਾਰਿਟੀ ਕੋਲ ਨਾ ਜਾਣ ਦਾ ਫ਼ੈਸਲਾ ਕਰ ਰਿਹਾ ਸੀ ਪਰ ਨਸਲੀ ਟਿੱਪਣੀ ਨੂੰ ਅਧਾਰ ਬਣਾ ਕੇ ਉਨ੍ਹਾਂ ਨੇ ਮਨੁੱਖ ਅਧਿਕਾਰ ਕਮਿਸ਼ਨ ਦਾ ਦਰਵਾਜ਼ਾ ਖੜਕਾ ਦਿੱਤਾ ਹੈ। ਜਿਸ ਬਾਰੇ ਮੀਡੀਏਸ਼ਨ ਇਹ ਮਾਰਚ ਮਹੀਨੇ `ਚ ਹੋਣ ਦੀ ਸੰਭਾਵਨਾ ਹੈ।
ਇਸ ਕੇਸ ਦੀ ਪੈਰਵੀ ਸੁਪਰੀਮ ਸਿੱਖ ਸੁਸਾਇਟੀ ਵੱਲੋਂ ਕੀਤੀ ਜਾ ਰਹੀ ਹੈ, ਕਿਉਂਕਿ ਦੋਵੇਂ ਪੰਜਾਬੀ ਨੌਜਵਾਨ ਨਿੱਜੀ ਕਾਰਨਾਂ ਕਰਕੇ ਸਿੱਧੇ ਤੌਰ `ਤੇ ਲੋਕਾਂ ਦੇ ਸਾਹਮਣੇ ਨਹੀਂ ਆਉਣਾ ਚਾਹੁੰਦੇ। ੀਜਸ ਕਰਕੇ ਸਾਰੀ ਕਾਰਵਾਈ ਸੁਸਾਇਟੀ ਦੇ ਬੁਲਾਰੇ ਦਲਜੀਤ ਸਿੰਘ ਰਾਹੀਂ ਨੇਪਰੇ ਚੜ੍ਹਾਈ ਜਾ ਰਹੀ ਹੈ।
ਦੂਜੇ ਪਾਸੇ, ਕੰਪਨੀ ਦੀ ਮਾਲਕ ਅਤੇ ਮੈਨੇਜਿੰਗ ਡਾਇਰੈਕਟਰ ਪਾਮ ਵਾਟਸਨ ਦਾ ਕਹਿਣਾ ਹੈ ਕਿ ਉਹ ਵਿਦੇਸ਼ ਹੋਣ ਕਰਕੇ ਮਾਰਚ ਦੇ ਅੰਤ ਤੱਕ ਛੁੱਟੀ `ਤੇ ਹੈ। ਹਾਲਾਂਕਿ ਉਸਨੇ ਦਾਅਵਾ ਕੀਤਾ ਸੀ ਕਿ ਮੈਨੇਜਰ ਦੇ ਖਿਲਾਫ਼ ਕਾਰਵਾਈ ਕੀਤੀ ਗਈ ਹੈ ਪਰ ਉਨ੍ਹਾਂ ਇਹ ਨਹੀਂ ਦੱਸਿਆ ਕਿ ‘ਕਾਰਵਾਈ’ ਕਿਸ ਦੀ ਤਰ੍ਹਾਂ ਦੀ ਕੀਤੀ ਗਈ ਹੈ। ਹਾਲਾਂਕਿ ਇਸਦੇ ਬਾਵਜੂਦ ਮੈਨੇਜਰ ਵੱਲੋਂ ਪਹਿਲਾਂ ਦੀ ਤਰ੍ਹਾਂ ਡਿਊਟੀ ਕੀਤੀ ਜਾ ਰਹੀ ਹੈ।