ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੀ ਰਹਿਣ ਵਾਲੀ 3 ਬੱਚਿਆਂ ਦੀ ਮਾਂ ਫੈਂਗ ਨੇ ਬੜੇ ਚਾਵਾਂ ਨਾਲ $175,000 ਮਰਸੀਡੀਜ਼ ਦੀ ਸੈਵਨ ਸੀਟਰ ਜੀਐਲਐਸ400 ਖ੍ਰੀਦੀ ਸੀ, ਪਰ ਬੀਤੇ ਕੁਝ ਮਹੀਨਿਆਂ ਵਿੱਚ ਹੀ ਉਸਨੂੰ ਕਿਸੇ ਨਾ ਕਿਸੇ ਖਰਾਬੀ ਕਾਰਨ ਇਹ ਗੱਡੀ ਕਰੀਬ 20 ਵਾਰ ਮਕੈਨਿਕ ਕੋਲ ਭੇਜਣੀ ਪਈ। ਬੱਚਿਆਂ ਨੂੰ ਸਕੂਲ ਲੈ ਜਾਣ ਤੇ ਘੁੰਮਣ ਫਿਰਣ ਦੇ ਸ਼ੌਂਕ ਨੂੰ ਪੂਰਾ ਕਰਨ ਲਈ ਫੈਂਗ ਨੇ ਇਹ ਗੱਡੀ ਖ੍ਰੀਦੀ ਸੀ। ਪਰ ਹੁਣ ਉਸਦਾ ਨਵੀਂ ਗੱਡੀ ਖ੍ਰੀਦਣ ਦਾ ਸਾਰਾ ਸੁਆਦ ਹੀ ਖਰਾਬ ਹੋ ਗਿਆ ਹੈ। ਫੈਂਗ ਅਨੁਸਾਰ ਕਈ ਵਾਰ ਤਾਂ ਮੁਰੰਮਤ ਲਈ ਭੇਜੀ ਗੱਡੀ 6-6 ਹਫਤਿਆਂ ਤੱਕ ਵਰਕਸ਼ਾਪ ਵਿੱਚ ਹੀ ਰਹੀ ਤੇ ਅਜਿਹੇ ਵਿੱਚ ਉਸਨੂੰ ਜਿਨ੍ਹਾਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ, ਉਹ ਉਸ ਬਾਰੇ ਬਿਆਨ ਵੀ ਨਹੀਂ ਕਰ ਸਕਦੀ।
ਹੁਣ ਫੈਂਗ ਕੰਜਿਊਮਰ ਗਾਰੰਟੀ ਐਕਟ ਤਹਿਤ ਗੱਡੀ ਦੇ ਮੁੱਲ ਦਾ ਪੂਰਾ ਰਿਫੰਡ ਮੰਗ ਰਹੀ ਹੈ, ਜਦਕਿ ਕੰਪਨੀ ਵਾਲੇ ਗੱਡੀ ਦੇ ਮੌਜੂਦਾ ਮੁੱਲ ਦੇ ਹਿਸਾਬ ਨਾਲ ਉਸਨੂੰ ਰਿਫੰਡ ਦੀ ਪੇਸ਼ਕਸ਼ ਕਰ ਰਹੇ ਹਨ ਤੇ ਫੈਂਗ ਇਸ ਗੱਲ ਤੋਂ ਬਿਲਕੁਲ ਵੀ ਖੁਸ਼ ਨਹੀਂ।