ਆਕਲੈਂਡ (ਹਰਪ੍ਰੀਤ ਸਿੰਘ) - ਵਿਕਟੋਰੀਆ ਯੂਨੀਵਰਸਿਟੀ ਵਿੱਚ ਡੋਕਟਰੇਟ ਦੀ ਪੜ੍ਹਾਈ ਕਰਦੀ ਸ਼੍ਰੀਲੰਕਾ ਮੂਲ ਦੀ ਅਪਸਰਾ ਇੱਕ ਬਹੁਤ ਹੀ ਹੌਣਹਾਰ ਵਿਦਿਆਰਥਣ ਸੀ ਤੇ ਆਪਣੇ ਪਰਿਵਾਰ ਨੂੰ ਉਹ ਨਿਊਜੀਲੈਂਡ ਵਿੱਚ ਸੈੱਟ ਕਰਨਾ ਚਾਹੁੰਦੀ ਸੀ, ਉਸਦੇ ਪਰਿਵਾਰ ਵਿੱਚ ਉਸਦੀ ਭੈਣ ਰਨਜਨਾ ਤੇ ਉਸਦੀ ਉਸਦੀ ਮਾਂ ਸਨ।
ਵੈਸੇ ਤਾਂ ਉਸਦਾ ਪਤੀ ਮਿਆਸੀਆ ਲੇਲਵਾਲਾ ਵੀ ਸੀ, ਪਰ ਦੋਨਾਂ ਦੀ ਆਪਸ ਵਿੱਚ ਬਣਦੀ ਨਹੀਂ ਸੀ, ਕਿਉਂਕਿ ਮਿਆਸੀਆ ਬਹੁਤ ਹੀ ਅਯਾਸ਼ ਕਿਸਮ ਦਾ ਵਿਅਕਤੀ ਸੀ।
2020 ਵਿੱਚ ਅਪਸਰਾ ਨਿਊਜੀਲੈਂਡ ਆਈ ਤੇ ਆਪਣੀ ਯੋਗਤਾ ਕਾਰਨ ਵਲੰਿਗਟਨ ਦੇ ਭਾਈਚਾਰੇ ਵਿੱਚ ਕਾਫੀ ਹਰਮਨ ਪਿਆਰੀ ਹੋ ਗਈ।
ਅਪਸਰਾ ਪਤੀ ਮਿਆਸੀਆ ਤੋਂ ਵੱਖ ਹੋਣਾ ਚਾਹੁੰਦੀ ਸੀ, ਪਰ ਮਿਆਸੀਆ ਇਸ ਲਈ ਉਸ ਤੋਂ 50 ਲੱਖ ਸ਼੍ਰੀਲੰਕਈ ਰੁਪਏ ਜਾਂ ਫਿਰ ਉਸਨੂੰ ਨਿਊਜੀਲੈਂਡ ਬੁਲਾਉਣ ਲਈ ਆਖ ਰਿਹਾ ਸੀ, ਜਿੱਥੇ ਆਕੇ ਉਹ ਉਸਤੋਂ ਵੱਖ ਹੋ ਜਾਏਗਾ। ਪਰ ਅਪਸਰਾ ਨੇ ਕੁਝ ਵੀ ਨਾ ਮੰਨਿਆ, ਜਿਸਤੋਂ ਗੁੱਸੇ ਹੋ ਮਿਆਸੀਆ ਨੇ ਤਿੰਨਾਂ ਮਾਵਾਂ-ਧੀਆਂ ਨੂੰ ਮਾਰਨ ਦੀ ਧਮਕੀ ਦਿੱਤੀ।
ਸਾਰੇ ਇਨੇਂ ਜਿਆਦਾ ਸਹਿਮ ਗਏ ਕਿ ਅਪਸਰਾ ਨੂੰ ਸ਼੍ਰੀਲੰਕਾ ਨਾ ਆਉਣ ਲਈ ਕਿਹਾ ਗਿਆ ਤੇ ਤਿੰਨਾਂ ਮਾਵਾਂ ਧੀਆਂ ਨੇ ਸਿੰਘਾਪੁਰ ਮਿਲਣ ਦੀ ਸਲਾਹ ਬਣਾਈ। ਪਰ ਇਸ ਤੋਂ ਪਹਿਲਾਂ ਕਿ ਤਿੰਨੋਂ ਜਣੀਆਂ ੳੇੁੱਥੇ ਮਿਲਦੀਆਂ, ਅਪ੍ਰੈਲ 2022 ਵਿੱਚ ਅਪਸਰਾ ਅਚਾਨਕ ਹੀ ਸ਼੍ਰੀਲੰਕਾ ਆਪਣੇ ਘਰ ਜਾ ਪੁੱਜੀ। ਉਸਨੇ ਕਿਹਾ ਕਿ ਉਸਦੀ ਇਸ ਫੇਰੀ ਬਾਰੇ ਕਿਸੇ ਨੂੰ ਵੀ ਕੁਝ ਨਹੀਂ ਪਤਾ। ਪਰ ਅਪਸਰਾ ਦੇ ਪੁੱਜਣ ਦੇ 3 ਦਿਨ ਬਾਅਦ ਮਿਆਸੀਆ ਉਨ੍ਹਾਂ ਦੇ ਘਰ ਪੁੱਜਾ ਤੇ ਉਸਨੇ ਬਹੁਤ ਹੀ ਬੇਰਹਿਮੀ ਨਾਲ ਅਪਸਰਾ ਨੂੰ ਕਤਲ ਕਰ ਦਿੱਤਾ, ਇਸ ਦੌਰਾਨ ਰਨਜਨਾ ਨੂੰ ਵੀ ਛੁਰੇ ਨਾਲ ਕਈ ਫੱਟ ਮਾਰੇ ਗਏ ਤੇ ਉਸਦੀ ਮਾਂ ਨੇ ਲੁੱਕ ਕੇ ਆਪਣੀ ਜਾਨ ਬਚਾਈ।
ਰਨਜਨਾ ਇਸ ਸਭ ਘਟਨਾ ਦੇ ਬੁਰੇ ਸਦਮੇ ਤੋਂ ਹੁਣ ਜਾਕੇ ਉਭਰ ਸਕੀ ਹੈ ਤੇ ਖੁੱਲ ਕੇ ਉਸਨੇ ਘਟਨਾ ਵਾਲੇ ਦਿਨ ਬਾਰੇ ਬੋਲਿਆ ਹੈ। ਮਿਆਸੀਆ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਤੇ ਉਸ 'ਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।