ਆਕਲੈਂਡ (ਹਰਪ੍ਰੀਤ ਸਿੰਘ) - ਸਬੰਧਿਤ ਵਿਭਾਗਾਂ ਨੂੰ 2 ਅਜਿਹੇ ਮਾਨਤਾ ਪ੍ਰਾਪਤ ਇਮੀਗ੍ਰੇਸ਼ਨ ਕਾਰੋਬਾਰਾਂ ਦੀ ਜਾਣਕਾਰੀ ਹਾਸਿਲ ਹੋਈ ਹੈ, ਜਿਨ੍ਹਾਂ ਵਲੋਂ ਪ੍ਰਵਾਸੀਆਂ ਤੋਂ ਜੋਬ ਆਫਰ ਤੇ ਵਰਕ ਵੀਜਾ ਲਈ ਮੋਟੀ ਰਾਸ਼ੀ ਉਗਰਾਹੇ ਜਾਣ ਦੇ ਦੋਸ਼ ਲੱਗੇ ਹਨ, ਹਾਲਾਂਕਿ ਅਸਲ ਵਿੱਚ ਇਹ ਗਿਣਤੀ ਕਿਤੇ ਜਿਆਦਾ ਹੋ ਸਕਦੀ ਹੈ।
ਦਰਅਸਲ ਜੋ ਵਰਕ ਵੀਜਾ ਅਪਲਾਈ ਕਰਨ ਅਤੇ ਹਾਸਿਲ ਕਰਨਾ ਬਿਲਕੁਲ ਮੁਫਤ ਹੈ, ਉਸ ਲਈ ਓਵਰਸੀਜ਼ ਇਮੀਗ੍ਰੇਸ਼ਨ ਐਜੰਟ ਤੇ ਇਮਪਲਾਇਰ $40,000 ਤੱਕ ਦੀ ਮੋਟੀ ਰਾਸ਼ੀ ਪ੍ਰਵਾਸੀਆਂ ਤੋਂ ਉਗਰਾਹ ਰਹੇ ਹਨ ਤੇ ਵਕੀਲ ਐਲੀਸਟਰ ਮੈਕਲੀਮੋਂਟ ਦਾ ਮੰਨਣਾ ਹੈ ਕਿ ਇਸ ਵਿੱਚ ਇਮੀਗ੍ਰੇਸ਼ਨ ਨਿਊਜੀਲੈਂਡ ਵਲੋਂ ਵਰਕ ਐਕਸਪੀਰੀਐਂਸ ਸਬੰਧੀ ਫੁੱਲ ਚੈੱਕ ਨਾ ਕੀਤੇ ਜਾਣਾ ਇੱਕ ਅਹਿਮ ਕਾਰਨ ਹੈ ਤੇ ਨਿਊਜੀਲੈਂਡ ਵਿੱਚ ਆਪਣਾ ਚੰਗਾ ਭਵਿੱਖ ਬਨਾਉਣ ਲਈ ਪ੍ਰਵਾਸੀ ਅਜਿਹਾ ਕਰਨ ਨੂੰ ਕਿਤੇ ਨਾ ਕਿਤੇ ਮਜਬੂਰ ਕੀਤੇ ਜਾਂਦੇ ਹਨ।
ਇਮੀਗ੍ਰੇਸ਼ਨ ਨਿਊਜੀਲੈਂਡ ਵਲੋਂ ਮੈਕਲੀਮੋਂਟ ਦੇ ਇਸ ਤਰਕ ਨੂੰ ਸਿਰੇ ਤੋਂ ਖਾਰਿਜ ਕਰ ਰਹੀ ਹੈ ਤੇ ਇਮੀਗ੍ਰੇਸ਼ਨ ਨਿਊਜੀਲੈਂਡ ਇਹ ਵੀ ਕਹਿਣਾ ਹੈ ਕਿ ਅਜਿਹਾ ਕਰਨ ਵਾਲੇ ਕਾਰੋਬਾਰਾਂ ਨੂੰ ਪ੍ਰਵਾਸੀ ਕਾਰੋਬਾਰਾਂ ਨੂੰ ਭਰਤੀ ਕਰਨ ਸਬੰਧੀ ਆਪਣੀ ਮਾਨਤਾ ਗੁਆਉਣੀ ਪੈ ਸਕਦੀ ਹੈ।
ਮੈਕਲੀਮੋਂਟ ਦਾ ਕਹਿਣਾ ਹੈ ਬੀਤੀਆਂ ਗਰਮੀਆਂ ਤੋਂ ਉਨ੍ਹਾਂ ਸਾਹਮਣੇ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਓਵਰਸੀਜ਼ ਐਜੰਟਾਂ ਨੇ $40,000 ਤੱਕ ਦੀ ਮੰਗ ਕੀਤੀ ਹੈ। ਇੰਡੀਆ, ਵੀਅਤਨਾਮ ਤੇ ਹੋਰ ਕਈ ਦੇਸ਼ਾਂ ਤੋਂ ਅਜਿਹੇ ਰਲਦੇ-ਮਿਲਦੇ ਮਾਮਲੇ ਸਾਹਮਣੇ ਆ ਰਹੇ ਹਨ।
ਵੀਜਾ ਪ੍ਰੋਸੈਸ ਲਈ ਇਮਪਲਾਇਰ ਨਾਲ ਰੱਲਕੇ ਇਨ੍ਹਾਂ ਐਜੰਟਾਂ ਵਲੋਂ ਹਰ ਤਰ੍ਹਾਂ ਦਾ ਕਾਗਜਾਤ ਮੁੱਹਈਆ ਕਰਵਾਇਆ ਜਾਂਦਾ ਹੈ।
ਬੀਤੇ ਸਾਲ ਸਰਕਾਰ ਵਲੋਂ ਦ ਐਕਰੀਡੀਏਟਡ ਇਮਪਲਾਇਰ ਵਰਕ ਵੀਜਾ ਸ਼੍ਰੇਣੀ ਸ਼ੁਰੂ ਕੀਤੇ ਜਾਣ ਦਾ ਮਕਸਦ ਪ੍ਰਵਾਸੀਆਂ ਦੀ ਲੁੱਟ-ਖਸੁੱਟ ਘਟਾਉਣਾ ਤੇ ਵਰਕ ਵੀਜਾ ਪ੍ਰੋਸੈੱਸ ਨੂੰ ਸੁਖਾਲਾ ਬਨਾਉਣਾ ਸੀ, ਪਰ ਇਸ ਸਿਸਟਮ ਦੀ ਸਭ ਤੋਂ ਵੱਡੀ ਖਾਮੀ ਇਹ ਰਹੀ ਹੈ ਕਿ ਇਸ ਵਿੱਚ ਤਨਖਾਹਾਂ ਦੇ ਪੱਧਰ ਨੂੰ ਜਿਆਦਾ ਧਿਆਨ ਵਿੱਚ ਰੱਖਿਆ ਜਾ ਰਿਹਾ ਹੈ, ਜਦਕਿ ਪ੍ਰਵਾਸੀ ਕਰਮਚਾਰੀ ਵਲੋਂ ਹਾਸਿਲ ਸਾਬਕਾ ਅਨੁਭਵ ਸਬੰਧਤ ਹਵਾਲਿਆਂ 'ਤੇ ਧਿਆਨ ਬਿਲਕੁਲ ਵੀ ਨਹੀਂ ਦਿੱਤਾ ਜਾ ਰਿਹਾ ਤਾਂ ਜੋ ਇਹ ਪਤਾ ਲੱਗ ਸਕੇ ਕਿ ਕਰਮਚਾਰੀ ਵਲੋਂ ਦਿਖਾਇਆ ਅਨੁਭਵ ਅਸਲ ਹੈ ਵੀ ਜਾਂ ਨਹੀਂ।