ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਿੱਚ ਨੌਜਵਾਨ ਉਮਰ ਦੇ ਬੱਚਿਆਂ ਵਲੋਂ ਲੁੱਟਾਂ ਤੇ ਹੋਰ ਹਿੰਸਕ ਘਟਨਾਵਾਂ ਨੂੰ ਅੰਜਾਮ ਦਿੱਤੇ ਜਾਣ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਤਾਜਾ ਮਾਮਲਾ ਫੈਂਗਰਾਏ ਦੀ ਕੀਆ ਕੰਪਨੀ ਦੀ ਡੀਲਰਸ਼ਿਪ ਦਾ ਹੈ, ਜਿੱਥੇ 13 ਸਾਲ ਤੇ 15 ਸਾਲ ਦੀਆਂ 2 ਕੁੜੀਆਂ ਵਲੋਂ ਡੀਲਰਸ਼ਿਪ ਦਾ ਲੱਖਾਂ ਦਾ ਨੁਕਸਾਨ ਕੀਤੇ ਜਾਣ ਦੀ ਖਬਰ ਹੈ।
ਡੀਲਰਸ਼ਿਪ ਦੇ ਮਾਲਕ ਸਟੀਫਨ ਮੁਰੇ ਨੇ ਦੱਸਿਆ ਕਿ ਜਦੋਂ ਉਹ ਸ਼ੋਅਰੂਮ 'ਤੇ ਪੁੱਜਾ ਤਾਂ ਉਸਨੇ ਦੇਖਿਆ ਕਿ ਕੁੜੀਆਂ ਹਰ ਇੱਕ ਚੀਜ ਨੂੰ ਨਸ਼ਟ ਕਰ ਰਹੀਆਂ ਸਨ, ਸ਼ੋਅਰੂਮ ਵਿੱਚ ਪਈਆਂ 19 ਗੱਡੀਆਂ ਦੀ ਬੁਰੀ ਤਰ੍ਹਾਂ ਭੰਨਤੋੜ ਕੀਤੀ ਹੋਈ ਸੀ ਤੇ ਸਾਰੇ ਕੰਪਿਊਟਰ, ਫਰਨੀਚਰਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ।
ਜਦੋਂ ਸਟੀਫਨ ਕੁੜੀਆਂ 'ਤੇ ਚਿਲਾਇਆ ਤਾਂ ਉਹ ਚੁੱਪਚਾਪ ਉੱਥੋਂ ਚਲੀਆਂ ਗਈਆਂ। ਸਟੀਫਨ ਅਨੁਸਾਰ ਦੋਨੋਂ ਹੀ ਕੁੜੀਆਂ ਆਪਣੇ-ਆਪ ਵਿੱਚ ਨਹੀਂ ਲੱਗ ਰਹੀਆਂ ਸਨ, ਬਾਅਦ ਵਿੱਚ ਪੁਲਿਸ ਨੇ ਦੋਨਾਂ ਕੁੜੀਆਂ ਨੂੰ ਹਿਰਾਸਤ ਵਿੱਚ ਲੈਕੇ ਯੂਥ ਐਡ ਲਈ ਭੇਜ ਦਿੱਤਾ।