ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਡੋਮੀਨੀਅਨ ਰੋਡ 'ਤੇ ਸਥਿਤ ਬੇਕ ਐਂਡ ਬੀਨਜ਼ ਵਲੋਂ ਆਪਣੇ ਹੀ ਗ੍ਰਾਹਕ ਨੂੰ ਉੱਲੀ ਲੱਗੀ ਮੀਟ ਪਾਈ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ। ਗ੍ਰਾਹਕ ਨੂੰ ਇਸ ਬਾਰੇ ਉਦੋਂ ਪਤਾ ਲੱਗਾ ਜਦੋਂ ਉਸਨੇ ਖਾਂਦੇ ਹੋਏ ਇਸ ਮੀਟ ਪਾਈ ਦੇ ਅੰਦਰੂਨੀ ਹਿੱਸੇ 'ਤੇ ਉੱਲੀ ਲੱਗੀ ਦੇਖੀ। ਜਦੋਂ ਗ੍ਰਾਹਕ ਨੇ ਇਸ ਸਬੰਧੀ ਸਟਾਫ ਨੂੰ ਸ਼ਿਕਾਇਤ ਕੀਤੀ ਤਾਂ ਸਟਾਫ ਨੇ ਅੱਗੋਂ ਪਹਿਲਾਂ ਤਾਂ ਇਹ ਕਿਹਾ ਕਿ ਇਹ ਉੱਲੀ ਪਾਈ ਵਿੱਚ ਮੌਜੂਦ ਪਨੀਰ ਕਾਰਨ ਲੱਗੀ ਹੋ ਸਕਦੀ ਹੈ, ਪਰ ਹਰ ਰੋਜ ਸਵੇਰ ਵੇਲੇ ਤਾਜਾ ਬਣਾਈ ਜਾਂਦੀ ਪਾਈ ਨੂੰ ਇਨੀਂ ਜਲਦੀ ਉੱਲੀ ਨਹੀਂ ਲੱਗ ਸਕਦੀ ਤੇ ਗ੍ਰਾਹਕ ਨੇ ਜਦੋਂ ਇਹ ਤੱਥ ਸਟਾਫ ਮੁਹਰੇ ਰੱਖਿਆ ਤਾਂ ਸਟਾਫ ਨੇ ਗਲਤੀ ਮੰਨਦਿਆਂ ਕਿਹਾ ਕਿ ਇੱਕ ਸਟਾਫ ਮੈਂਬਰ ਨੇ ਗਲਤੀ ਨਾਲ ਉੱਲੀ ਲੱਗੀਆਂ ਪਾਈਜ਼ ਨੂੰ ਸੁੱਟਣ ਦੀ ਥਾਂ ਵਾਰਮਰ ਵਿੱਚ ਰੱਖ ਦਿੱਤਾ, ਜਿਸ ਕਾਰਨ ਅਜਿਹਾ ਹੋਇਆ ਹੈ। ਜਾਹਿਰ ਹੈ ਕਿ ਫਿਰ ਹੋਰਾਂ ਗ੍ਰਾਹਕਾਂ ਨੂੰ ਵੀ ਇਹ ਉੱਲੀ ਲੱਗੀ ਪਾਈ ਵੇਚੀ ਗਈ ਹੋਏਗੀ, ਪਰ ਅਜੇ ਤੱਕ ਹੋਰ ਅਜਿਹੀ ਸ਼ਿਕਾਇਤ ਦਾ ਮਾਮਲਾ ਸਾਹਮਣੇ ਨਹੀਂ ਆਇਆ ਹੈ। ਦੂਜੇ ਪਾਸੇ ਗ੍ਰਾਹਕ ਨੂੰ ਡਰ ਸੀ ਕਿ ਉਹ ਗੰਭੀਰ ਰੂਪ ਵਿੱਚ ਕਿਤੇ ਬਿਮਾਰ ਨਾ ਹੋ ਜਾਏ, ਇਸ ਲਈ ਉਸਨੇ ਡਾਕਟਰੀ ਜਾਂਚ ਵੀ ਕਰਵਾਈ ਹੈ।