ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਕੁਝ ਸਮੇਂ ਵਿੱਚ ਵਲੰਿਗਟਨ ਸ਼ਹਿਰ ਵਿੱਚ ਕਈ ਸੜਕਾਂ 'ਤੇ ਸਟਰੀਟ ਲਾਈਟਾਂ ਗਿਰਣ ਦੀਆਂ ਘਟਨਾਵਾਂ ਵਾਪਰੀਆਂ। 15 ਕਿਲੋ ਵਜਨੀ ਇੱਕ ਸਟਰੀਟ ਲਾਈਟਾਂ ਜਦੋਂ ਜਮੀਨ 'ਤੇ ਅਚਾਨਕ ਆ ਡਿੱਗਦੀ ਹੈ ਤਾਂ ਕਿਸੇ ਦੀ ਜਾਨ ਵੀ ਆਸਾਨੀ ਨਾਲ ਲੈ ਸਕਦੀ ਹੈ। ਅਜਿਹੇ ਕਰੀਬ 4-5 ਵੱਖੋ-ਵੱਖ ਹਾਦਸੇ ਵਾਪਰੇ ਤੇ ਕਿਸੇ ਦੀ ਜਾਨ ਨਾ ਜਾਏ ਜਾਂ ਹੋਰ ਕੋਈ ਵੱਡਾ ਨੁਕਸਾਨ ਨਾ ਹੋਏ, ਇਸੇ ਨੂੰ ਧਿਆਨ ਵਿੱਚ ਰੱਖਦਿਆਂ ਇਹ ਪੜਤਾਲ ਹੋਈ ਕਿ ਇਹ ਸਟਰੀਟ ਲਾਈਟਾਂ ਕਿਉਂ ਗਿਰ ਰਹੀਆਂ ਹਨ, ਪੜਤਾਲ ਖਤਮ ਹੋਣ 'ਤੇ ਸਾਹਮਣੇ ਆਇਆ ਕਿ ਇਹ ਸਟਰੀਟ ਲਾਈਟਾਂ ਤੇਜ ਹਵਾਵਾਂ ਦੇ ਅਨੁਕੂਲ ਨਹੀਂ ਹਨ, ਜਿਸ ਕਾਰਨ ਹੁਣ ਸ਼ਹਿਰ ਵਿੱਚ ਲੱਗੀਆਂ 17,000 ਐਲ ਈ ਡੀ ਸਟਰੀਟ ਲਾਈਟਾਂ ਨੂੰ ਬਦਲਣ ਦਾ ਫੈਸਲਾ ਲਿਆ ਗਿਆ ਹੈ।
ਦਰਅਸਲ ਇਨ੍ਹਾਂ ਲਾਈਟਾਂ ਵਿੱਚ ਸੜਕਾਂ ਨਜਦੀਕ ਪੈਂਦੇ ਘਰਾਂ 'ਤੇ ਐਲ ਈ ਡੀ ਲਾਈਟ ਦੀ ਚਮਕ ਨੂੰ ਘਟਾਉਣ ਲਈ ਇੱਕ ਅਡੈਪਟਰ ਲਾਇਆ ਗਿਆ ਸੀ ਤੇ ਉਸਤੋਂ ਬਾਅਦ ਇਨ੍ਹਾਂ ਲਾਈਟਾਂ ਦਾ ਡਿਜਾਈਨ 15 ਕਿਲੋ ਵਜਨ ਨੂੰ ਚੁੱਕਣ ਲਈ ਤਾਂ ਟੈਸਟ ਕੀਤਾ ਗਿਆ ਸੀ, ਪਰ ਤੇਜ ਹਵਾਵਾਂ ਵਿੱਚ ਇਨ੍ਹਾਂ ਦਾ ਕੀ ਬਣੇਗਾ ਇਸ ਸਬੰਧੀ ਕੋਈ ਟੈਸਟ ਨਹੀਂ ਹੋਇਆ ਸੀ ਅਤੇ ਸਮੇਂ ਦੇ ਨਾਲ ਇਹ ਖਾਮੀ ਉੱਭਰ ਕੇ ਸਾਹਮਣੇ ਆਈ।