ਸਿੱਖਾਂ ਸੰਸਥਾਵਾਂ ਨੇ ਚੁੱਕਿਆ ਰਿਫ਼ਿਊਜੀ ਸਿੱਖਾਂ ਦਾ ਜਿੰਮਾ
ਆਕਲੈਂਡ, ਅਵਤਾਰ ਸਿੰਘ ਟਹਿਣਾ
ਅਫ਼ਗਾਨਿਸਤਾਨ 'ਚ ਡਰ ਤੇ ਭੈਅ ਦੇ ਮਾਹੌਲ 'ਚ ਦਿਨ-ਕਟੀ ਕਰ ਰਹੇ ਸਿੱਖਾਂ ਅਤੇ ਅੱਤਵਾਦੀਆਂ ਹੱਥੋਂ ਅਨਾਥ ਬਣਾਏ ਜਾ ਚੁੱਕੇ ਸਿੱਖ ਬੱਚਿਆਂ ਨੂੰ ਨਵੀਂ ਜ਼ਿੰਦਗੀ ਮਿਲਣ ਦੇ ਆਸਾਰ ਬਣਨ ਲੱਗ ਪਏ ਹਨ। ਜਿਨ੍ਹਾਂ ਦੀ ਫ਼ਰਿਆਦ ਨਿਊਜ਼ੀਲੈਂਡ 'ਦਰਬਾਰ' ਵਿੱਚ ਪੁੱਜ ਗਈ ਹੈ। ਪਹਿਲੇ ਦਸਤਾਰਧਾਰੀ ਸਿੱਖ ਸੰਸਦ ਮੈਂਬਰ ਨੇ ਸਬੰਧਤ ਦਸਤਾਵੇਜ਼ ਸਰਕਾਰ ਨੂੰ ਭੇਜ ਦਿੱਤੇ ਹਨ, ਜੋ ਸਿੱਖ ਸੰਸਥਾਵਾਂ ਨੇ ਤਿਆਰ ਕੀਤੇ ਹਨ। ਜਿਨ੍ਹਾਂ 'ਚ ਕਮਿਊਨਿਟੀ ਰੀਫਿਊਜੀ ਕੋਟੇ ਤਹਿਤ ਆਉਣ ਵਾਲੇ ਸਿੱਖਾਂ ਦੇ ਮੁੜ-ਵਸੇਬੇ ਦੀ ਜ਼ਿੰਮੇਵਾਰੀ ਚੁੱਕਣ ਬਾਰੇ ਤਜਵੀਜ਼ ਬਣਾ ਕੇ ਪੇਸ਼ ਕੀਤੀ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪਾਰਲੀਮੈਂਟ ਮੈਂਬਰ ਕੰਵਲਜੀਤ ਸਿੰਘ ਬਖਸ਼ੀ ਨੇ ਇਮੀਗਰੇਸ਼ਨ ਮੰਤਰੀ ਇਆਨ ਲੀਸ-ਗੈਲੋਵੇਅ ਨੂੰ ਕਮਿਊਨਿਟੀ ਸਪੌਂਸਰਸ਼ਿਪ ਆਫ਼ ਰੀਫਿਊਜੀਸ ਐਂਡ ਅਡੌਪਸ਼ਨ ਆਫ ਚਿਲਡਰਨ ਪ੍ਰੋਪੋਜਲ (ਤਜਵੀਜ਼) ਭੇਜ ਦਿੱਤੀ ਹੈ। ਜਿਸਦੇ ਤਹਿਤ ਅਫ਼ਗਾਨਿਸਤਾਨ ਤੋਂ 10 ਪਰਿਵਾਰਾਂ (40 ਵਿਅਕਤੀ) ਅਤੇ 10 ਹੋਰ ਅਜਿਹੇ ਬੱਚਿਆਂ ਨੂੰ ਸਪੌਂਸਰ ਕੀਤਾ ਜਾਣਾ ਹੈ, ਜਿਨ੍ਹਾਂ ਦੇ ਮਾਪਿਆਂ ਨੂੰ ਪਿਛਲੇ ਸਮੇਂ ਦੌਰਾਨ ਅੱਤਵਾਦੀਆਂ ਨੇ ਮਾਰ ਦਿੱਤਾ ਸੀ। ਇਸ ਦਸਤਾਵੇਜ਼ 'ਚ ਸਰਕਾਰ ਨੂੰ ਪੂਰੀ ਤਰ੍ਹਾਂ ਤਸੱਲੀ ਦਿਵਾਈ ਗਈ ਹੈ ਕਿ ਜੋ ਵੀ ਸਿੱਖ ਨਿਊਜ਼ੀਲੈਂਡ 'ਚ ਬੁਲਾਏ ਜਾਣਗੇ,ਉਨ੍ਹਾਂ ਦੀ ਹਰ ਤਰ੍ਹਾਂ ਦੀ ਜ਼ਿੰਮੇਵਾਰੀ ਸਿੱਖ ਭਾਈਚਾਰਾ 2 ਸਾਲ ਚੁੱਕੇਗਾ ਅਤੇ ਸਰਕਾਰ 'ਤੇ ਕਿਸੇ ਵੀ ਕਿਸਮ ਦਾ ਬੋਝ ਨਹੀਂ ਪੈਣ ਦਿੱਤਾ ਜਾਵੇਗਾ। ਭਾਵ ਪਹੁੰਚਣ ਤੋਂ ਲੈ ਕੇ ਰੁਜ਼ਗਾਰ ਦਿਵਾਉਣ ਤੱਕ ਹਰ ਤਰ੍ਹਾਂ ਦਾ ਜਿੰਮਾ ਲਿਆ ਜਾਵੇਗਾ। ਦਲੀਲ ਨੂੰ ਵਜ਼ਨਦਾਰ ਬਣਾਉਣ ਕੈਨੇਡਾ ਦੇ ਪ੍ਰਾਈਵੇਟ ਸਪੌਂਸਰ ਆਫ ਰੀਫਿਊਜੀਸ ਪ੍ਰੋਗਰਾਮ ਦਾ ਵੀ ਹਵਾਲਾ ਦਿੱਤਾ ਗਿਆ ਹੈ। ਇਸ ਮਾਮਲੇ 'ਚ ਕੁੱਝ ਹਿੰਦੂ ਸੰਸਥਾਵਾਂ ਨੇ ਵੀ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ ਹੈ। ਸ੍ਰੀ ਬਖਸ਼ੀ ਨੇ ਆਪਣੇ ਪੱਤਰ 'ਚ ਮੰਤਰੀ ਨੂੰ ਛੇਤੀ ਤੋਂ ਅਮਲ ਸ਼ੁਰੂ ਕੀਤੇ ਜਾਣ 'ਤੇ ਜ਼ੋਰ ਦਿੱਤਾ ਹੈ ਅਤੇ ਦੇਸ਼ ਦੇ ਮੌਜੂਦਾ ਹਾਲਾਤ ਦੀ ਸੂਰਤ 'ਚ ਸਕਾਈਪ ਜਾਂ ਜੂਮ ਵਰਗੇ ਟੂਲ ਤਹਿਤ ਰਾਬਤਾ ਬਣਾ ਕੇ ਪੱਖ ਸੁਣਨ ਬਾਰੇ ਵੀ ਅਪੀਲ ਕੀਤੀ ਹੈ।
ਵਰਣਨਯੋਗ ਹੈ ਕਿ ਇਹ ਮਾਮਲਾ ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜ਼ੀਲੈਂਡ ਵੱਲੋਂ ਪਿਛਲੇ ਕਈ ਸਾਲਾਂ ਤੋਂ ਅਫ਼ਗਾਨ ਸਿੱਖਾਂ ਨੂੰ ਨਿਊਜ਼ੀਲੈਂਡ ਲਿਆਉਣ ਸਬੰਧੀ ਸ੍ਰੀ ਬਖਸ਼ੀ ਕੋਲ ਉਠਾਇਆ ਜਾ ਰਿਹਾ ਹੈ। ਪਰ ਬੀਤੇ ਦਿਨੀਂ ਰਾਜਧਾਨੀ ਕਾਬੁਲ ਦੇ ਸ਼ੋਰ ਬਜ਼ਾਰ ਗੁਰਦੁਆਰੇ 'ਚ ਅੱਤਵਾਦੀਆਂ ਨੇ ਦਿਨ-ਦਿਹਾੜੇ ਗੋਲੀਆਂ ਚਲਾ ਕੇ ਦੋ ਦਰਜਨ ਤੋਂ ਵੱਧ ਸਿੱਖਾਂ ਨੂੰ ਮਾਰ ਦੇਣ ਨਾਲ ਉਕਤ ਅਮਲ ਨੂੰ ਤੇਜ਼ੀ ਨਾਲ ਨੇਪਰੇ ਚਾੜ੍ਹਨ ਦੀ ਮੰਗ ਉੱਠਣ ਲੱਗ ਪਈ ਸੀ। ਜਿਸ ਪਿੱਛੋਂ ਸੁਪਰੀਮ ਸਿੱਖ ਸੁਸਾਇਟੀ ਦੇ ਬੁਲਾਰੇ ਦਲਜੀਤ ਸਿੰਘ, ਪਾਰਲੀਮੈਂਟ ਮੈਂਬਰ ਕੰਵਲਜੀਤ ਸਿੰਘ ਬਖਸ਼ੀ, ਅਕਾਲ ਫਾਊਂਡੇਸ਼ਨ ਤੋਂ ਰਘਬੀਰ ਸਿੰਘ ਜੇਪੀ, ਨਵਤੇਜ ਰੰਧਾਵਾ,ਪਰਮਿੰਦਰ ਸਿੰਘ ਨੇ ਉਕਤ ਕਮਿਊਨਿਟੀ ਰੀਫਿਊਜੀ ਤਜਵੀਜ ਦਾ ਡਰਾਫਟ ਤਿਆਰ ਕਰਨ ਲਈ ਉਪਰਾਲੇ ਸ਼ੁਰੂ ਕਰ ਦਿੱਤੇ ਸਨ।
ਜਿਸ ਲਈ ਸੁਪਰੀਮ ਸਿੱਖ ਸੁਸਾਇਟੀ ਤੋਂ ਇਲਾਵਾ ਟੌਰੰਗਾ ਸਿੱਖ ਸੁਸਾਇਟੀ ਆਫ਼ ਨਿਊਜ਼ੀਲੈਂਡ, ਸਾਊਥਲੈਂਡ ਸਿੱਖ ਸੁਸਾਇਟੀ ਕ੍ਰਾਈਸਟਚਰਚ, ਨਾਰਥਸ਼ੋਰ ਸਿੱਖ ਸੁਸਾਇਟੀ, ਆਕਲੈਂਡ ਵੈੱਸਟ ਸਿੱਖ ਸੁਸਾਇਟੀ, ਪਾਲਮਰਸਟਨ ਸਿੱਖ ਸੁਸਾਇਟੀ, ਹੇਸਟਿੰਗਜ ਸਿੱਖ ਸੁਸਾਇਟੀ, ਐੱਨਜ਼ੈੱਡ ਸਿੱਖ ਸੁਸਾਇਟੀ ਵਲਿੰਗਟਨ, ਗੁਰਦੁਆਰਾ ਸ੍ਰੀ ਹਰਗੋਬਿੰਦ ਸਾਹਿਬ ਬੌਟਨੀ, ਗੁਰਦੁਆਰਾ ਰੋਟੋਰੋਆ, ਸ੍ਰੀ ਗੁਰੂ ਰਵਿਦਾਸ ਟੈਂਪਲ ਬੰਬੇ ਹਿੱਲ, ਗੁਰਦੁਆਰਾ ਸਿੱਖ ਸੰਗਤ ਟੌਰੰਗਾ, ਨਿਊਲਿਨ ਗੁਰੂਘਰ, ਬੇਗਮਪੁਰਾ ਗੁਰਦੁਆਰਾ ਪਾਪਾਕੁਰਾ, ਦੁੱਖ-ਨਿਵਾਰਨ ਗੁਰਦੁਆਰਾ ਪਾਪਾਕੁਰਾ, ਨਿਊਜ਼ੀਲੈਂਡ ਪੰਜਾਬੀ ਮਲਟੀਮੀਡੀਆ ਟਰੱਸਟ ਬੋਰਡ,ਆਕਾਲ ਫਾਊਂਡੇਸ਼ਨ ਨਿਊਜ਼ੀਲੈਂਡ, ਸੁਪਰੀਮ ਸਿੱਖ ਕੌਂਸਲ ਆਫ਼ ਨਿਊਜ਼ੀਲੈਂਡ, ਗੁਰਦੁਆਰਾ ਈਸ਼ਰ ਦਰਬਾਰ ਨਾਨਕਸਾਰ ਠਾਠ, ਭਾਰਤੀਆ ਮੰਦਰ, ਹਿੰਦੂ ਕੌਂਸਲ ਆਫ਼ ਨਿਊਜ਼ੀਲੈਂਡ ਦੇ ਨੁਮਾਇੰਦਿਆਂ ਤੇ ਉੱਘੇ ਉਦਯੋਗਪਤੀ ਰੌਸ਼ਨ ਨੌਹਰੀਆ ਨੇ ਸਹਿਯੋਗ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਉਕਤ ਘਟਨਾ ਵਾਲੇ ਦਿਨ ਤੋਂ ਲੈ ਕੇ ਐਨਜ਼ੈੱਡ ਪੰਜਾਬੀ ਨਿਊਜ ਨੇ ਵੀ ਮੁੱਦੇ ਨੂੰ ਜ਼ੋਰ-ਸ਼ੋਰ ਨਾਲ ਉਠਾਇਆ ਸੀ ਤਾਂ ਜੋ ਹਿੰਸਾ ਦਾ ਸ਼ਿਕਾਰ ਹੋਏ ਬੇਕਸੂਰ ਪੀੜਤ ਪਰਿਵਾਰਾਂ ਨੂੰ ਰਾਹਤ ਮਿਲ ਸਕੇ।