ਆਕਲੈਂਡ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਰਹਿੰਦੇ ਕਰੀਬ 5 ਲੱਖ ਨਿਊਜੀਲੈਂਡ ਵਾਸੀਆਂ ਨੂੰ ਐਨਜੇਕ ਡੇਅ 2023 ਤੋਂ ਪਹਿਲਾਂ ਇੱਕ ਚੰਗੀ ਖਬਰ ਮਿਲਣ ਜਾ ਰਹੀ ਹੈ। ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਸ ਨੇ ਇਸ਼ਾਰਾ ਦਿੱਤਾ ਹੈ ਕਿ ਉਨ੍ਹਾਂ ਦੀ ਇਸ ਹਫਤੇ ਸ਼ੁਰੂ ਹੋਣ ਜਾ ਰਹੀ ਆਸਟ੍ਰੇਲੀਆ ਫੇਰੀ ਦੌਰਾਨ ਇਹ ਖੁਸ਼ਖਬਰੀ ਉਹ ਨਿਊਜੀਲੈਂਡ ਵਾਸੀਆਂ ਨਾਲ ਸਾਂਝੀ ਕਰ ਸਕਦੇ ਹਨ।
ਦਰਅਸਲ ਆਸਟ੍ਰੇਲੀਆ ਰਹਿੰਦੇ ਲੱਖਾਂ ਨਿਊਜੀਲੈਂਡ ਵਾਸੀਆਂ ਦੇ ਉੱਥੇ ਪੱਕੇ ਹੋਣ ਲਈ ਅਹਿਮ ਪਾਥਵੇਅ ਦਾ ਐਲਾਨ ਜਲਦ ਹੀ ਕੀਤਾ ਜਾ ਸਕਦਾ ਹੈ। ਇਸ ਨੂੰ ਸਾਬਕਾ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਦੇ ਸਮੇਂ ਵਿੱਚ ਹੀ ਹਰੀ ਝੰਡੀ ਮਿਲ ਗਈ ਸੀ, ਜਦੋਂ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਐਂਥਨੀ ਐਲਬਾਨੀਜ਼ ਨੇ ਕਿਹਾ ਸੀ ਕਿ ਐਨਜੇਕ ਡੇਅ 2023 ਤੋਂ ਪਹਿਲਾਂ ਇਹ ਬਦਲਾਅ ਐਲਾਨ ਦਿੱਤਾ ਜਾਏਗਾ।
ਨਿਊਜੀਲੈਂਡ ਦੀ ਮੌਜੂਦਾ ਸਰਕਾਰ ਦੀ ਇਹ ਇੱਕ ਅਹਿਮ ਉਪਲਬਧੀ ਮੰਨੀ ਜਾ ਰਹੀ ਹੈ, ਜਿਸ ਦਾ ਲਾਹਾ ਲੱਖਾਂ ਨਿਊਜੀਲੈਂਡ ਵਾਸੀ ਲੈਣਗੇ।
ਇਸ ਵੇਲੇ ਕਰੀਬ 560,000 ਨਿਊਜੀਲੈਂਡ ਵਾਸੀ ਆਸਟ੍ਰੇਲੀਆ ਰਹਿ ਰਹੇ ਹਨ, ਪਰ ਇਨ੍ਹਾਂ ਵਿੱਚੋਂ ਸਿਰਫ 191,000 ਕੋਲ ਹੀ ਆਸਟ੍ਰੇਲੀਆ ਦੀ ਨਾਗਰਿਕਤਾ ਹੈ।