ਆਕਲੈਂਡ (ਹਰਪ੍ਰੀਤ ਸਿੰਘ) - ਕਰੀਬ 20 ਸਾਲਾਂ ਦੀ ਲੰਬੀ ਉਡੀਕ ਤੋਂ ਬਾਅਦ ਆਖਿਰਕਾਰ ਆਸਟ੍ਰੇਲੀਆਈ ਸਰਕਾਰ ਨੇ ਉਹ ਐਲਾਨ ਕਰ ਦਿੱਤਾ ਹੈ, ਜਿਸਦੀ ਉਡੀਕ ਆਸਟ੍ਰੇਲੀਆ ਰਹਿੰਦੇ ਨਿਊਜੀਲੈਂਡ ਵਾਸੀਆਂ ਨੂੰ ਲੰਬੇ ਸਮੇਂ ਤੋਂ ਸੀ। 2001 ਤੋਂ ਖਾਸ ਵੀਜਾ ਤਹਿਤ ਨਿਊਜੀਲੈਂਡ ਵਾਸੀ ਆਸਟ੍ਰੇਲੀਆ ਵਿੱਚ ਲੰਬੇ ਸਮੇਂ ਲਈ ਤਾਂ ਰਹਿ ਸਕਦੇ ਸਨ, ਪਰ ਉਨ੍ਹਾਂ ਦਾ ਉੱਥੇ ਪੱਕੇ ਹੋਣਾ ਬਹੁਤ ਔਖਾ ਸੀ, ਜਿਸ ਕਾਰਨ ਆਸਟ੍ਰੇਲੀਆ ਰਹਿੰਦੇ ਨਿਊਜੀਲੈਂਡ ਵਾਸੀ ਕਈ ਸਰਕਾਰੀ ਫਾਇਦੇ ਨਹੀਂ ਲੈ ਸਕਦੇ ਹਨ, ਜੋ ਉਨ੍ਹਾਂ ਦੀ ਨਿੱਜੀ ਤੇ ਪਰਿਵਾਰਿਕ ਜਿੰਦਗੀ ਨੂੰ ਪ੍ਰਭਾਵਿਤ ਕਰਦੀ ਸੀ।
ਪਰ ਹੁਣ 1 ਜੁਲਾਈ ਤੋਂ ਜੋ ਵੀ ਨਿਊਜੀਲੈਂਡ ਵਾਸੀ ਆਸਟ੍ਰੇਲੀਆ ਵਿੱਚ ਸਪੈਸ਼ਲ ਕੈਟੇਗਰੀ ਵੀਜਾ ਤਹਿਤ ਬੀਤੇ 4 ਸਾਲਾਂ ਤੋਂ ਰਹਿ ਰਿਹਾ ਸੀ, ਉਹ ਸਿਟੀਜਨਸ਼ਿਪ ਲਈ ਅਪਲਾਈ ਕਰ ਸਕਦਾ ਹੈ।
ਪੱਕੇ ਹੋਣ ਲਈ ਲੈਂਗੁਏਜ ਟੈਸਟ, ਕਰੈਕਟਰ ਟੈਸਟ ਆਦਿ ਦੀ ਜਰੂਰਤ ਹੋਏਗੀ।
ਇਸ ਫੈਸਲੇ ਦਾ ਫਾਇਦਾ ਆਸਟ੍ਰੇਲੀਆ ਵਿੱਚ ਰਹਿੰਦੇ ਲੱਖਾਂ ਨਿਊਜੀਲੈਂਡ ਵਾਸੀਆਂ ਨੂੰ ਸਿੱਧੇ ਤੌਰ 'ਤੇ ਹੋਏਗਾ।
ਇਸ ਐਲਾਨ ਤੋਂ ਬਾਅਦ ਨਿਊਜੀਲੈਂਡ ਮੂਲ ਦੇ ਲੋਕਾਂ ਦੇ ਆਸਟ੍ਰੇਲੀਆ ਵਿੱਚ ਜੰਮਪਲ ਬੱਚੇ ਵੀ ਉੱਥੋਂ ਦੇ ਪੱਕੇ ਵਸਨੀਕ ਹੋਣਗੇ, ਜਦਕਿ ਪਹਿਲਾਂ ਉਨ੍ਹਾਂ ਨੂੰ 10 ਸਾਲ ਤੱਕ ਉਡੀਕ ਕਰਨੀ ਪੈਂਦੀ ਸੀ।
ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਸ ਨੇ ਆਸਟ੍ਰੇਲੀਆ ਸਰਕਾਰ ਦੇ ਇਸ ਫੈਸਲੇ 'ਤੇ ਖੁਸ਼ੀ ਪ੍ਰਗਟਾਈ ਹੈ ਤੇ ਕਿਹਾ ਹੈ ਕਿ ਇਸ ਫੈਸਲੇ ਤੋਂ ਬਾਅਦ ਦੋਨੋਂ ਦੇਸ਼ ਹੋਰ ਨਜਦੀਕ ਆਉਣਗੇ।