ਆਕਲੈਂਡ (ਹਰਪ੍ਰੀਤ ਸਿੰਘ) - ਕੱਟੜਤਾ ਕਿਸੇ ਵੀ ਧਰਮ/ ਦੇਸ਼ ਲਈ ਬਹੁਤ ਵੱਡਾ ਖਤਰਾ ਸਾਬਿਤ ਹੋ ਸਕਦੀ ਹੈ ਤੇ ਅਜਿਹਾ ਹੀ ਮੰਨਣਾ ਹੈ, ਮੈਨੁਰੇਵਾ ਰਹਿੰਦੀ ਸਿਮਰਨ ਕੌਰ ਦਾ।
ਸਟੱਫ ਵਿੱਚ ਪ੍ਰਕਾਸ਼ਿਤ ਰਿਪੋਰਟ ਅਨੁਸਾਰ 21 ਸਾਲਾ ਸਿਮਰਨ ਕੌਰ ਨੇ ਇੰਡੀਆ ਵਿੱਚ ਵੱਧ ਰਹੇ ਹਿੰਦੂ ਕੱਟੜਵਾਦ 'ਤੇ ਚਿੰਤਾ ਪ੍ਰਗਟਾਉਂਦਿਆਂ ਦੱਸਿਆ ਹੈ ਕਿ ਆਪਣੇ ਜਾਂ ਆਪਣੇ ਪਰਿਵਾਰਿਕ ਮੈਂਬਰਾਂ ਲਈ ਉਸ ਨੂੰ ਨਿਊਜੀਲੈਂਡ ਰਹਿ ਕਿ ਆਵਾਜ ਚੁੱਕਣੀ ਮੁਸੀਬਤ ਤੇ ਸਹਿਮ ਦਾ ਕਰਨ ਬਣ ਰਹੀ ਹੈ, ਕਿਉਂਕਿ ਉਸਨੂੰ ਇਸ ਸਭ ਦੇ ਨਤੀਜੇ ਵਜੋਂ ਸਦਾ ਲਈ ਇੰਡੀਆ ਜਾਣ ਤੋਂ ਰੋਕਿਆ ਜਾ ਸਕਦਾ ਹੈ ਜਾਂ ਫਿਰ ਇੰਡੀਆ ਪੁੱਜਣ 'ਤੇ ਉਸਨੂੰ ਜੇਲ ਵਿੱਚ ਸੁੱਟਿਆ ਜਾ ਸਕਦਾ ਹੈ, ਇਨ੍ਹਾਂ ਹੀ ਨਹੀਂ ਉਸਦੇ ਇੰਡੀਆ ਰਹਿੰਦੇ ਪਰਿਵਾਰਿਕ ਮੈਂਬਰਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਸਕਦਾ ਹੈ।
ਸਿਮਰਨ ਕੌਰ, ਅਮ੍ਰਿਤਪਾਲ ਸਿੰਘ ਵਿਰੁੱਧ ਹੋਏ ਵਰਤਾਰੇ ਨੂੰ ਲੈਕੇ ਉਸਦੀ ਹਮਾਇਤ ਵਿੱਚ ਹੈ ਤੇ ਉਸਨੂੰ ਡਰ ਹੈ ਕਿ ਸੱਚ ਖਿਲਾਫ ਆਵਾਜ ਚੁੱਕਣ ਕਾਰਨ ਉਸਨੂੰ ਤੇ ਉਸ ਜੇਹਿਆਂ ਨੂੰ ਇੰਡੀਆ ਵਿੱਚ ਬਲੈਕਲਿਸਟ ਕੀਤਾ ਜਾ ਸਕਦਾ ਹੈ। ਉਨ੍ਹਾਂ ਨੂੰ ਸ਼ਰੇਆਮ ਸੋਸ਼ਲ ਮੀਡੀਆ 'ਤੇ ਧਮਕੀਆਂ ਵੀ ਮਿਲ ਰਹੀਆਂ ਹਨ ਕਿ ਇੰਡੀਆ ਪੁੱਜਣ 'ਤੇ ਇਨ੍ਹਾਂ ਸਾਰਿਆਂ ਨੂੰ ਜੇਲ ਵਿੱਚ ਬੰਦ ਕੀਤਾ ਜਾਏਗਾ।
ਸਿਮਰਨ ਦਾ ਕਹਿਣਾ ਹੈ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ, 2021 ਵਿੱਚ ਵੀ ਨਿਊਜੀਲੈਂਡ ਵਿੱਚ ਕਿਸਾਨਾਂ ਦੀ ਸੁਪੋਰਟ ਕਰਨ ਵਾਲਿਆਂ ਨੂੰ ਇੱਥੇ ਰਹਿੰਦੇ ਕੱਟੜਵਾਦੀਆਂ ਵਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਸਨ।
ਮੋਦੀ ਸਰਕਾਰ ਵਲੋਂ ਲਿਆਉਂਦੇ ਗਏ ਕਿਸਾਨ ਵਿਰੋਧੀ ਕਾਨੂੰਨਾਂ ਵਿਰੁੱਧ ਪੰਜਾਬ ਦੇ ਕਿਸਾਨਾਂ ਵਲੋਂ ਸ਼ੁਰੂ ਕੀਤੇ ਸੰਘਰਸ਼ ਦਾ ਇੱਥੇ ਨਿਊਜੀਲੈਂਡ ਰਹਿੰਦੇ ਸਿੱਖਾਂ ਵਲੋਂ ਸਮਰਥਨ ਕਰਨ 'ਤੇ ਹਿੰਦੂ ਕੱਟੜਵਾਦੀਆਂ ਨੇ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਸਨ। ਇਸ ਸਬੰਧੀ 36 ਸਾਲਾ ਆਕਲੈਂਡ ਵਾਸੀ ਨੂੰ ਚਾਰਜ ਵੀ ਕੀਤਾ ਗਿਆ ਸੀ।
ਕਿਸਾਨਾਂ ਲਈ ਆਵਾਜ ਚੁੱਕਣ ਦੇ ਕਾਰਨ ਫੇਸਬੁੱਕ ਦੇ ਇੰਡੀਅਨਜ਼ ਇਨ ਨਿਊਜੀਲੈਂਡ ਪੇਜ 'ਤੇ ਇਨ੍ਹਾਂ ਸਾਰਿਆਂ ਨੂੰ 'ਖਾਲਿਸਤਾਨੀ ਅੱਤਵਾਦੀ' ਕਹਿਕੇ ਸੰਬੋਧਿਤ ਕੀਤਾ ਗਿਆ ਸੀ।
ਮੈਸੀ ਯੂਨੀਵਰਸਿਟੀ ਦੇ ਪ੍ਰੋਫੈਸਰ ਮੋਹਨ ਦੱਤਾ, ਜੋ ਕਿ ਖੁਦ ਇੱਕ ਹਿੰਦੂ ਧਰਮੀ ਹਨ ਨੇ ਵੀ ਮੰਨਿਆ ਹੈ ਕਿ ਕਿਸਾਨਾ ਦੇ ਹੱਕ ਵਿੱਚ ਖੜੇ ਹੋਣ ਕਾਰਨ ਨਿਊਜੀਲੈਂਡ ਵੱਸਦੇ ਸਿੱਖਾਂ ਨੂੰ ਇੱਥੋਂ ਦੇ ਕੱਟੜਵਾਦੀ ਹਿੰਦੂਤਵਾ ਗਰੁੱਪਾਂ ਵਲੋਂ ਨਿਸ਼ਾਨਾ ਬਣਾਇਆ ਗਿਆ ਸੀ।
ਇੰਡੀਆ ਵਿੱਚ ਫੈਲਾਏ ਜਾ ਰਹੇ ਹਿੰਦੂ ਕੱਟੜਵਾਦ 'ਹਿੰਦੂਤਵ' 'ਤੇ ਉਨ੍ਹਾਂ ਲਿਖਿਆ ਹੈ ਕਿ ਭਾਂਵੇ ਇਹ ਇੰਡੀਆ ਰਹਿੰਦੇ ਹਿੰਦੂਆਂ ਵਿੱਚ ਮਾਣ ਦੀ ਭਾਵਨਾ ਪੈਦਾ ਕਰਨ ਲਈ ਫੈਲਾਇਆ ਜਾ ਰਿਹਾ ਹੈ, ਪਰ ਇਹ ਬਹੁ-ਗਿਣਤੀ ਭਾਰਤੀ ਭਾਈਚਾਰੇ ਵਿੱਚ ਪੱਖਪਾਤ ਨੂੰ ਵੀ ਵਧਾਵਾ ਦੇ ਰਿਹਾ ਹੈ।
ਦੱਤਾ ਮੋਦੀ ਸਰਕਾਰ ਲਈ ਲਿਖਦੇ ਹਨ ਕਿ ਨਰਿੰਦਰ ਮੋਦੀ ਦੀ ਰਾਜਨੀਤੀ ਵਿੱਚ ਭਾਜਪਾ ਤੇਜ਼ੀ ਨਾਲ ਉਭੱਰੀ ਹੈ ਤੇ ਇਸ ਸਭ ਕਾਰਨ ਘੱਟ-ਗਿਣਤੀ ਭਾਈਚਾਰਿਆਂ 'ਤੇ ਨਿਰਦੇਸ਼ਿਤ ਹਿੰਸਾ ਵਿੱਚ ਹਿੰਦੂਤਵ ਦੀ ਕੱਟੜਪੰਥਤਾ ਨੂੰ ਉਤਸ਼ਾਹ ਮਿਲਿਆ ਹੈ।
ਇਨ੍ਹਾਂ ਹੀ ਨਹੀਂ ਉਨ੍ਹਾਂ ਇਹ ਵੀ ਲਿਖਿਆ ਹੈ ਕਿ ਭਾਜਪਾ ਦੇ ਨਾਗਰਿਕਾਂ ਲਈ ਰਾਸ਼ਟਰੀ ਰਜਿਸਟਰ ਅਤੇ ਨਾਗਰਿਕਤਾ ਸੋਧ ਕਾਨੂੰਨ ਨੇ ਖਾਸ ਤੌਰ 'ਤੇ ਮੁਸਲਮਾਨਾਂ ਨੂੰ ਅਧਿਕਾਰਾਂ ਤੋਂ ਵਾਂਝਾ ਕੀਤਾ ਹੈ।
ਉਨ੍ਹਾਂ ਬੀਤੇ ਕੁਝ ਸਾਲਾਂ ਵਿੱਚ ਇੰਡੀਆ ਰਹਿੰਦੇ ਮੁਸਲਮਾਨਾਂ ਨੂੰ ਬੀਫ ਖਾਣ ਜਾਂ ਉਸਦਾ ਵਪਾਰ ਕਰਨ ਦੇ ਨਤੀਜੇ ਵਜੋਂ ਨਿਸ਼ਾਨਾ ਬਨਾਉਂਦਿਆਂ ਉਨ੍ਹਾਂ ਵਿਰੁੱਧ ਤੇ ਉਨ੍ਹਾਂ ਦੇ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਉਣ ਵਾਲੀ ਹਿੰਸਾ ਨੂੰ ਵੀ ਦਰਸਾਇਆ ਹੈ।"
ਦੱਤਾ ਸਹਿਜ ਗਿਆਨ ਰੱਖਦੇ ਹੋਏ ਹਿੰਦੂ ਕੱਟੜਵਾਦੀ ਰਾਸ਼ਟਰਵਾਦ ਦੇ ਹਨੇਰੇ ਪੱਖ ਤੋਂ ਚੰਗੀ ਤਰ੍ਹਾਂ ਜਾਣੂ ਹਨ। ਆਪਣੀ ਇਸ ਸੱਚ ਆਧਾਰਿਤ ਰਿਸਰਚ ਨੂੰ ਪ੍ਰਕਾਸ਼ਿਤ ਕਰਨ ਕਰਕੇ ਉਨ੍ਹਾਂ ਨੂੰ ਵੀ ਇਨ੍ਹਾਂ ਕੱਟੜਪੰਥੀਆਂ ਵਲੋਂ ਬਖਸ਼ਿਆ ਨਹੀਂ ਗਿਆ ਸੀ, ਇਨ੍ਹਾਂ ਕੱਟੜਪੰਥੀਆਂ ਵਲੋਂ ਉਨ੍ਹਾਂ ਨੂੰ ਨਫਰਤ ਭਰੀਆਂ ਈ-ਮੇਲਾਂ ਭੇਜੀਆਂ ਗਈਆਂ ਸਨ। ਹਿੰਦੂ ਕਾਉਂਸਲ ਆਫ ਨਿਊਜੀਲੈਂਡ ਨੇ ਤਾਂ ਉਨ੍ਹਾਂ ਨੂੰ ਹਿੰਦੂਫੋਬੀਆ ਦਾ ਦੋਸ਼ੀ ਵੀ ਠਹਿਰਾ ਦਿੱਤਾ ਸੀ।
ਭਾਰਤੀ ਸਿੱਖਾਂ ਸਮੇਤ ਭਾਰਤੀ ਘੱਟ-ਗਿਣਤੀਆਂ ਦੁਆਰਾ ਅਨੁਭਵ ਕੀਤੇ ਜਾਣ ਵਾਲੇ ਖਤਰੇ ਦਾ ਇਹ ਇੱਕ ਹਿੱਸਾ ਹੈ, ਕੱਟੜਵਾਦੀ ਹਿੰਦੂਤਵ ਸ਼ਾਸਨ ਦੇ ਵਿਰੁੱਧ ਅਸਹਿਮਤੀ ਪ੍ਰਗਟ ਕਰਨ ਲਈ ਪ੍ਰਦਰਸ਼ਨਕਾਰੀਆਂ 'ਤੇ ਕਾਰਵਾਈ ਵਜੋਂ ਲੋਕਲ ਪੱਧਰ 'ਤੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾਣਾ ਅਤੇ ਜੇ ਉਹ ਐਨ ਆਰ ਆਈ ਹਨ, ਤਾਂ ਉਨ੍ਹਾਂ ਨੂੰ ਇੰਡੀਆ ਵਿੱਚ ਐਂਟਰੀ ਨਾ ਦਿੱਤੇ ਦੇ ਇੱਕ ਬਿਆਨ ਸਬੰਧੀ ਜਦੋਂ ਇੰਡੀਅਨ ਹਾਈ ਕਮਿਸ਼ਨ ਕੋਲੋਂ ਸਪਸ਼ਟੀਕਰਨ ਮੰਗਿਆ ਤਾਂ ਉਸਦਾ ਅਜੇ ਤੱਕ ਹਾਈ ਕਮਿਸ਼ਨ ਨੇ ਕੋਈ ਜੁਆਬ ਨਹੀਂ ਦਿੱਤਾ ਹੈ।
ਹਵਾਈ ਪੈੇਸੇਫਿਕ ਯੂਨੀਵਰਸਿਟੀ ਦੀ ਪ੍ਰੋਫੈਸਰ ਡਾਕਟਰ ਐਂਡਰੀਆ ਮਾਲਜੀ, ਜੋ ਰਿਲੀਜੀਅਸ ਨੈਸ਼ਨਲੀਜ਼ਮ ਇਨ ਕੰਟੇਮਪਰੇਰੀ ਸਾਊਥ ਏਸ਼ੀਆ ਕਿਤਾਬ ਦੀ ਲੇਖਿਕਾ ਵੀ ਹਨ ਦਾ ਕਹਿਣਾ ਹੈ ਕਿ ਸਿੱਖ ਘੱਟ-ਗਿਣਤੀ ਧਰਮੀ ਆਪਣੇ ਆਪ ਨੂੰ ਇੰਡੀਆ ਵਿੱਚ ਅਸੁਰੱਖਿਅਤ ਮਹਿਸੂਸ ਕਰਦੇ ਹਨ, ਇਸ ਦੇ ਕਾਰਨ ਇਹੀ ਸਭ ਹਨ।
ਉਨ੍ਹਾਂ ਲਿਖਿਆ ਹੈ ਕਿ ਬੀਜੇਪੀ ਆਪਣੀਆਂ ਕੋਝੀਆਂ ਨੀਤੀਆਂ ਸਦਕਾ ਸਿੱਖਾਂ ਨੂੰ ਜਿੱਤਣ ਵਿੱਚ ਅਸਫਲ ਰਹੀ ਹੈ। ਸਿੱਖਾਂ ਵਲੋਂ ਬੀਜੇਪੀ ਦੀ ਉਸ ਰਣਨੀਤੀ ਨੂੰ ਵੀ ਅਸਫਲ ਕਰ ਦਿੱਤਾ ਗਿਆ ਹੈ, ਜਿਸ ਵਿੱਚ ਬੀਜੇਪੀ ਸਿੱਖਾਂ ਨੂੰ ਹਿੰਦੂਆਂ ਦਾ ਹੀ ਇੱਕ ਹਿੱਸਾ ਦੱਸਦੀ ਹੈ।
ਮਾਲਜੀ ਨੇ ਤਾਂ ਇੱਥੋਂ ਤੱਕ ਲਿਖਿਆ ਹੈ ਜੋ ਅਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਨਹੀਂ ਵੀ ਹਨ, ਉਹ ਲੋਕ ਵੀ ਇਸ ਗੱਲ ਦਾ ਖੰਡਨ ਨਹੀਂ ਕਰਦੇ ਕਿ ਸਿੱਖਾਂ ਘੱਟ-ਗਿਣਤੀ ਧਰਮੀਆਂ ਨੂੰ ਸਿੱਖੀ ਧਰਮ ਕਰਕੇ ਵੱਡੇ ਪੱਧਰ 'ਤੇ ਵਿਤਕਰਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਮਾਲਜੀ ਅਨੁਸਾਰ ਜੋ ਵੀ ਸਿੱਖ ਬੀਜੇਪੀ ਜਾਂ ਬੀਜੇਪੀ ਦੀਆਂ ਨੀਤੀਆਂ ਖਿਲਾਫ ਬੋਲਦਾ ਹੈ, ਉਸਨੂੰ ਖਾਲਿਸਤਾਨੀ ਕਹਿਕੇ ਸੰਬੋਧਿਤ ਕੀਤਾ ਜਾਂਦਾ ਹੈ।
ਹੁਣ ਅਜਿਹੇ ਵੀ ਸਿਮਰਨ ਕੌਰ ਵਰਗੇ ਲੋਕਾਂ ਦਾ ਡਰ ਜਾਇਜ ਹੀ ਕਿਹਾ ਜਾ ਸਕਦਾ ਹੈ ਜੋ ਇੰਡੀਆ ਤੋਂ ਭਾਂਵੇ ਅੱਧੀ ਦੁਨੀਆਂ ਦੇ ਫਾਸਲੇ 'ਤੇ ਬੈਠੇ ਹਨ ਪਰ ਆਪਣੇ ਇੰਡੀਆ ਰਹਿੰਦੇ ਪਰਿਵਾਰਾਂ ਤੇ ਆਪਣੀ ਕਮਿਊਨਿਟੀ ਨੂੰ ਲੈਕੇ ਹਰ ਵੇਲੇ ਚਿੰਤਾ ਵਿੱਚ ਰਹਿੰਦੇ ਹਨ।
ਸਿਮਰਨ ਕੌਰ ਚਾਹੁੰਦੀ ਹੈ ਕਿ ਦੁਨੀਆਂ, ਸਿੱਖਾਂ ਨਾਲ ਇੰਡੀਆ ਵਿੱਚ ਹੋ ਰਹੇ ਵਰਤਾਰੇ ਤੋਂ ਜਾਣੂ ਹੋਏ ਤੇ ਸਿੱਖਾਂ ਦੇ ਹੱਕ ਵਿੱਚ ਖੜੇ।