ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਰਹਿਣ ਵਾਲੇ ਜੋਨੀ ਤੇ ਹੰਸਾ ਸਿੰਘ ਜਦੋਂ ਸ਼ੁੱਕਰਵਾਰ ਆਪਣੇ ਓਨੀਹੰਗਾ ਸਥਿਤ ਘਰ ਦੀ ਰੈਨੋਵੇਸ਼ਨ ਦੀ ਅਪਡੇਟ ਲੈਣ ਗਏ ਤਾਂ ਉੱਥੋਂ ਦਾ ਨਜਾਰਾ ਦੇਖ ਕੇ ਉਹ ਹੈਰਾਨ ਰਹਿ ਗਏ।
ਜੋਨੀ ਨੇ ਦੱਸਿਆ ਕਿ ਸਾਰੇ ਬਿਲਡਿੰਗ ਟੂਲਜ਼, ਬੈਟਰੀਆਂ, ਹੀਟ ਪੰਪ, ਟੀਵੀ, ਬਰੈਂਡ ਨਿਊ ਵੈਕਿਊਮ ਕਲੀਨਰ, ਸਾਅ ਚੋਰ ਚੁੱਕਕੇ ਲੈ ਗਏ ਸਨ। ਗੁਆਂਢੀਆਂ ਤੋਂ ਮਿਲੀ ਤੜਕੇ 3 ਵਜੇ ਤੋਂ 5.25 ਵਿਚਾਲੇ ਦੀ ਫੁਟੇਜ ਵਿੱਚ ਦਿਖਿਆ ਕਿ ਇੱਕ ਗੱਡੀ 3 ਵਾਰ ਉਨ੍ਹਾਂ ਦੇ ਘਰ ਆਈ। ਪੁਲਿਸ ਨੂੰ ਸੱਦਿਆ ਗਿਆ ਤਾਂ ਜੋ ਚੋਰਾਂ ਨੂੰ ਕਾਰਵਾਈ ਕੀਤੀ ਜਾ ਸਕੇ ਤੇ ਉਸਤੋਂ ਬਾਅਦ ਉਹ ਘਰ ਆ ਗਏ। ਪਰ ਅਗਲੇ ਦਿਨ ਫਿਰ ਜਦੋਂ ਉਹ ਵਾਪਿਸ ਪੁੱਜੇ ਤਾਂ ਦੇਖਿਆ ਕਿ ਇਸ ਵਾਰ ਘਰ ਦੇ ਗੈਰੇਜ ਦਾ ਦਰਵਾਜਾ ਤੋੜਿਆ ਗਿਆ ਸੀ, ਜੋ ਸਿਰਫ ਇੱਕ ਦਿਨ ਪਹਿਲਾਂ ਹੀ ਲਾਇਆ ਗਿਆ ਸੀ।
ਜੋਨੀ ਨੇ ਦੱਸਿਆ ਕਿ ਉਹ ਹੈਰਾਨ ਸਨ ਕਿ ਦੂਜੇ ਦਿਨ ਵੀ ਚੋਰ ਉਸਦੇ ਘਰ ਪਰਤੇ ਤੇ ਚੋਰੀ ਕਰਕੇ ਨਿਕਲ ਗਏ। ਪੁਲਿਸ ਨੂੰ ਸੱਦਿਆ ਗਿਆ ਤੇ ਉਹ ਵਾਪਿਸ ਘਰ ਪਰਤ ਆਏ।
ਹੈਰਾਨਗੀ ਦੀ ਹੱਦ ਤਾਂ ਉਸ ਵੇਲੇ ਨਾ ਰਹੀ ਜਦੋਂ ਐਤਵਾਰ ਨੂੰ ਜੋਨੀ ਨੇ ਘਰ ਪੁੱਜਣ 'ਤੇ ਦੇਖਿਆ ਕਿ ਇੱਕ ਟਰੱਕ ਵਿੱਚ ਇੱਕ ਮਹਿਲਾ ਤੇ ਆਦਮੀ ਉਸਦੇ ਘਰ ਚੋਰੀ ਕਰਨ ਲੱਗੇ ਹੋਏ ਸੀ।
ਜੋਨੀ ਉਨ੍ਹਾਂ 'ਤੇ ਚਿਲਾਇਆ ਤੇ ਭੱਜ ਰਹੇ ਦੋਨਾਂ ਜਣਿਆਂ ਦਾ ਪਿੱਛਾ ਕੀਤਾ। ਇਸ ਦੌਰਾਨ ਉਸਨੇ ਪੁਲਿਸ ਨੂੰ ਵੀ ਫੋਨ ਕੀਤਾ ਤਾਂ ਪੁਲਿਸ ਨੇ ਟਰੱਕ ਦਾ ਪਿੱਛਾ ਤਾਂ ਜਰੂਰ ਕੀਤਾ ਪਰ ਟਰੱਕ ਦੀ ਸਪੀਡ ਲੋੜ ਤੋਂ ਵੱਧ ਹੋਣ ਕਾਰਨ ਉਨ੍ਹਾਂ ਪਰਸੁਟ ਰੋਕ ਦਿੱਤਾ।
ਜੋਨੀ ਤੇ ਹੰਸਾ ਇਸ ਸਭ ਤੋਂ ਬਹੁਤ ਪ੍ਰੇਸ਼ਾਨ ਸਨ। ਉਨ੍ਹਾਂ ਚੋਰਾਂ ਨੂੰ ਫੜਣ ਲਈ ਪੁਲਿਸ ਦੀ ਉਡੀਕ ਨਾ ਕੀਤੀ ਤੇ ਲੋਕਲ ਸੋਸ਼ਲ ਮੀਡੀਆ ਗਰੁੱਪ 'ਤੇ ਇਸ ਸਬੰਧੀ ਜਾਣਕਾਰੀ ਪਾਈ। ਜੋਨੀ ਨੂੰ ਪਤਾ ਲੱਗਾ ਕਿ ਟਰੱਕ ਚੋਰੀ ਦਾ ਸੀ ਤੇ ਉਸਦੇ ਮਾਲਕ ਕੋਲੋਂ ਜੀਪੀਐਸ ਲੋਕੇਸ਼ਨਾਂ ਆਦਿ ਮਿਲੀਆਂ, ਜੋ ਪੁਲਿਸ ਨੂੰ ਮੁੱਹਈਆ ਕਰਵਾਈਆਂ ਗਈਆਂ। ਇਸੇ ਤਰ੍ਹਾਂ ਜੋਨੀ ਨੇ ਹੋਰ ਇੱਕਤਰ ਕੀਤੀ ਅਹਿਮ ਜਾਣਕਾਰੀ ਵੀ ਪੁਲਿਸ ਨੂੰ ਦਿੱਤੀ।
ਜੋਨੀ ਦਾ ਕਹਿਣਾ ਹੈ ਕਿ ਪੁਲਿਸ ਤੋਂ ਉਸਦਾ ਵਿਸ਼ਵਾਸ਼ ਚੁੱਕਿਆ ਗਿਆ ਹੈ ਉਸਦਾ ਮੰਨਣਾ ਹੈ ਕਿ ਕੋਈ ਵੀ ਪੀੜਿਤ ਨਿੱਜੀ ਤੌਰ 'ਤੇ ਲੋੜ ਪੈਣ 'ਤੇ ਵਧੇਰੇ ਜਾਣਕਾਰੀ ਹਾਸਿਲ ਕਰ ਸਕਦਾ ਹੈ।
ਦੂਜੇ ਪਾਸੇ ਪੁਲਿਸ ਵਲੋਂ ਅਜੇ ਇਸ ਸਬੰਧੀ ਛਾਣਬੀਣ ਕੀਤੇ ਜਾਣ ਦੀ ਗੱਲ ਹੀ ਕਹੀ ਜਾ ਰਹੀ ਹੈ।
ਇਨ੍ਹਾਂ ਚੋਰੀ ਦੀਆਂ ਘਟਨਾਵਾਂ ਵਿੱਚ ਜੋੜੇ ਦਾ ਕਰੀਬ $80,000 ਦਾ ਨੁਕਸਾਨ ਹੋ ਚੁੱਕਾ ਹੈ।