ਆਕਲੈਂਡ (ਹਰਪ੍ਰੀਤ ਸਿੰਘ) - ਕਿਸੇ ਵੇਲੇ ਚੰਗੀ ਕਮਾਈ ਦਾ ਭਰੋਸਾ ਦੁਆਉਣ ਵਾਲੀ ਉਬਰ ਕੰਪਨੀ ਅੱਜ-ਕੱਲ ਸੁਆਲਾਂ ਦੇ ਘੇਰੇ ਵਿੱਚ ਹੈ। ਕੰਪਨੀ ਵਿੱਚ ਕੰਮ ਕਰਨ ਵਾਲੇ ਕਈ ਡਰਾਈਵਰਾਂ ਦਾ ਕਹਿਣਾ ਹੈ ਕਿ ਵਧੀਆ ਕਮਾਈ ਤੇ ਕੰਮ ਦੀ ਆਜਾਦੀ ਦਾ ਭਰੋਸਾ ਦੁਆਉਣ ਵਾਲੀ ਕੰਪਨੀ ਅਸਲ ਵਿੱਚ ਡਰਾਈਵਰਾਂ ਨੂੰ ਘੱਟੋ-ਘੱਟ ਮਿਲਣ ਵਾਲੀ ਤਨਖਾਹ ਦੇਣ ਤੋਂ ਵੀ ਅਸਮਰਥ ਹੈ। ਲੰਬੇ-ਲੰਬੇ ਘੰਟੇ ਕੰਮ ਕਰਨ ਤੋਂ ਬਾਅਦ ਜਦੋਂ ਖਰਚੇ ਕੱਢ ਕੇ ਕਮਾਈ ਗਿਨਣ ਦੀ ਗੱਲ ਆਉਂਦੀ ਹੈ ਤਾਂ ਡਰਾਈਵਰਾਂ ਦੇ ਹੱਥ ਸੱਖਣੇ ਹੀ ਰਹਿ ਜਾਂਦੇ ਹਨ। ਕੰਪਨੀ ਦੀਆਂ ਲਗਾਤਾਰ ਸਖਤ ਹੁੰਦੀਆਂ ਪਾਲਸੀਆਂ ਆਕਲੈਂਡ ਵਰਗੇ ਸ਼ਹਿਰ ਵਿੱਚ ਡਰਾਈਵਰਾਂ ਲਈ ਮੁਸੀਬਤ ਦਾ ਕਾਰਨ ਬਣ ਰਹੀਆਂ ਹਨ। ਡਰਾਈਵਰ ਹਫਤੇ ਦੇ 6-6 ਦਿਨ ਕੰਮ ਕਰਨ ਨੂੰ ਮਜਬੂਰ ਹੋ ਰਹੇ ਹਨ, ਪਰ ਖੁੱਲਕੇ ਕਮਾਈ ਕਰਨ ਦਾ ਸੁਪਨਾ ਉਨ੍ਹਾਂ ਦਾ ਫਿਰ ਵੀ ਅਧੂਰਾ ਹੀ ਰਹਿ ਜਾਂਦਾ ਹੈ ਤੇ ਇਸੇ ਕਾਰਨ ਡਰਾਈਵਰਾਂ ਵਲੋਂ ਹੁਣ ਮੰਗ ਹੋਣੀ ਸ਼ੁਰੂ ਹੋ ਗਈ ਹੈ ਕਿ ਉਬਰ ਉਨ੍ਹਾਂ ਦੇ ਹਲਾਤਾਂ ਨੂੰ ਸੁਧਾਰੇ ਤੇ ਘੱਟੋ-ਘੱਟ ਕਮਾਈ ਤੇ ਕੰਮ ਦੀ ਆਜਾਦੀ ਦੇ ਵਾਅਦੇ ਪੂਰੇ ਕਰੇ।