ਆਕਲੈਂਡ (ਹਰਪ੍ਰੀਤ ਸਿੰਘ) - ਓਵਰਸਟੇਅਰ ਨੂੰ ਫੜਣ ਲੱਗਿਆਂ ਇਮੀਗ੍ਰੇਸ਼ਨ ਨਿਊਜੀਲੈਂਡ ਦੇ ਅਧਿਕਾਰੀ ਬਲ ਪ੍ਰਯੋਗ ਵੀ ਕਰਦੇ ਹਨ। ਇਸ ਗੱਲ ਦਾ ਪ੍ਰਗਟਾਵਾ ਇੱਕ ਚੀਨੀ ਮੂਲ ਦੇ ਓਵਰਸਟੇਅਰ ਵਲੋਂ ਕੀਤਾ ਗਿਆ ਹੈ, ਜਿਸਨੇ ਖੁਲਾਸਾ ਕੀਤਾ ਹੈ ਕਿ ਆਕਲੈਂਡ ਵਿੱਚ 'ਡਾਨ ਰੈਡ' ਮੌਕੇ ਉਸਨੂੰ ਫੜਣ ਆਏ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਸ ਨਾਲ ਧੱਕਾ ਕੀਤਾ ਸੀ ਅਤੇ ਇਸ ਦੌਰਾਨ ਉਸਦੇ ਦੇ ਹੱਥ ਦਾ ਗੁੱਟ ਵੀ ਟੁੱਟ ਗਿਆ ਸੀ।
47 ਸਾਲਾ ਚੈਨ ਅਨੁਸਾਰ ਸਮਾਂ ਸਵੇਰੇ 6 ਵਜੇ ਦਾ ਸੀ ਤੇ ਉਹ ਆਪਣੇ ਫਲੈਟ ਵਿੱਚ 6 ਹੋਰ ਸਾਥੀਆਂ ਸਮੇਤ ਸੁੱਤਾ ਪਿਆ ਸੀ, ਜਦੋਂ ਅਚਾਨਕ ਹੀ ਇਮੀਗ੍ਰੇਸ਼ਨ ਅਧਿਕਾਰੀ ਉਸ ਘਰ ਆ ਵੜੇ।
ਇਮੀਗ੍ਰੇਸ਼ਨ ਕੰਪਾਇਲੈਂਸ ਅਫਸਰ ਅਨੁਸਾਰ ਤਾਂ ਚੈਨ ਭੱਜ-ਦੌੜ ਵਿੱਚ ਬਾਲਕੋਨੀ ਤੋਂ ਡਿੱਗ ਗਿਆ ਸੀ, ਪਰ ਚੈਨ ਇਸ ਸਭ ਨੂੰ ਝੂਠ ਦੱਸ ਰਿਹਾ ਹੈ ਤੇ ਚੈਨ ਦੇ ਇਮੀਗ੍ਰੇਸ਼ਨ ਅਡਵਾਈਜ਼ਰ ਤੁਆਰੀਕੀ ਡੇਲਮੀਅਰ ਦਾ ਕਹਿਣਾ ਹੈ ਕਿ ਚੈਨ ਨੂੰ ਫੜਣ ਲਈ ਇਮੀਗ੍ਰੇਸ਼ਨ ਅਧਿਕਾਰੀਆਂ ਵਲੋਂ ਬਲ ਪ੍ਰਯੋਗ ਕੀਤਾ ਗਿਆ ਸੀ।
ਓਵਰਸਟੇਅਰ ਨੂੰ ਫੜਣ ਲਈ ਕੀਤੀਆਂ ਜਾਂਦੀਆਂ ਅਜਿਹੀਆਂ 'ਡਾਨ ਰੈਡਸ' ਕਾਰਨ ਸਰਕਾਰ ਨੂੰ ਬੀਤਿਆਂ ਸਮਿਆਂ ਵਿੱਚ ਕਾਫੀ ਅਲੋਚਨਾ ਝੱਲਣੀ ਪਈ ਸੀ ਤੇ ਇਸੇ ਕਾਰਨ ਅੱਜ ਦੀ ਤਾਰੀਖ ਵਿੱਚ ਇਨ੍ਹਾਂ ਡਾਨ ਰੈਡਸ ਨੂੰ ਸਹੀ ਨਹੀਂ ਮੰਨਿਆਂ ਜਾਂਦਾ ਤੇ ਸਰਕਾਰ ਵੀ ਇਨ੍ਹਾਂ ਡਾਨ ਰੈਡਸ ਦੇ ਖਿਲਾਫ ਹੀ ਬੋਲਦੀ ਹੈ। ਸਰਕਾਰ ਨੇ ਅਜਿਹੀਆਂ ਡਾਨ ਰੈਡਸ ਲਈ 2021 ਵਿੱਚ ਮੁਆਫੀ ਵੀ ਮੰਗੀ ਸੀ।