ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੀ ਮਸ਼ਹੂਰ ਭਾਰਤੀ ਰੈਸਟੋਰੈਂਟ ਫੂਡਚੈਨ ਸ਼ਮਿਆਨਾ ਦੇ ਕਮਰਸ਼ਲ ਬੇਅ ਅਤੇ ਵੈਸਟਫਿਲਡ ਮਾਲ ਅਲਬਾਨੀ ਸਥਿਤ 2 ਰੈਸਟੋਰੈਂਟਾਂ ਦੇ ਦੀਵਾਲੀਆ ਹੋਣ ਦੀ ਖਬਰ ਹੈ।
ਮਾਲਕ ਮਮੰਤ ਨਾਵਨੀ ਦਾ ਕਹਿਣਾ ਹੈ ਕਿ ਇਨ੍ਹਾਂ ਰੈਸਟੋਰੈਂਟਾਂ ਦੇ ਕਾਰੋਬਾਰਾਂ ਨੂੰ ਕੋਰੋਨਾ ਮਹਾਂਮਾਰੀ ਨੇ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਸੀ ਜਿਸ ਕਾਰਨ ਰੈਸਟੋਰੈਂਟ ਫੇਲ ਹੋਏ ਹਨ ਤੇ ਹੁਣ ਦੋਨੋਂ ਰੈਸਟੋਰੈਂਟ ਇਨਲੈਂਡ ਰੈਵੇਨਿਊ ਦੇ $300,000 ਦੇ ਦੇਣਦਾਰ ਵੀ ਹਨ।
ਨਾਵਨੀ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਰੈਸਟੋਰੈਂਟਾਂ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਗਈ ਸੀ, ਪਰ ਲਗਾਤਾਰ ਵੱਧਦੇ ਕਿਰਾਇਆਂ ਤੇ ਹੋਰ ਪ੍ਰਸਥਿਤੀਆਂ ਨੇ ਉਸਦੇ ਕਾਰੋਬਾਰਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ। ਨਾਵਨੀ ਪ੍ਰਤੀ ਰੈਸਟੋਰੈਂਟ ਲਈ $25,000 ਕਿਰਾਇਆ ਦਿੰਦਾ ਰਿਹਾ ਹੈ, ਜੋ ਕਾਰੋਬਾਰ ਦੇ ਫੇਲ ਹੋਣ ਲਈ ਅਹਿਮ ਕਾਰਨ ਬਣੇ ਹਨ।
2018 ਵਿੱਚ ਲੇਬਰ ਇੰਸਪੈਕਟੋਰੇਟ ਨੇ ਸ਼ਮਿਆਨਾ ਲਿਮਟਿਡ ਤੇ ਸ਼ਮਿਆਨਾ ਇੰਟਰਪ੍ਰਾਈਜਜ ਲਿਮਟਿਡ ਨੂੰ ਇਮਪਲਾਇਮੈਂਟ ਰਿਲੇਸ਼ਨਜ਼ ਐਕਟ ਤੇ ਮਿਨੀਮਮ ਵੇਜ਼ ਐਕਟ ਦੀ ਵਾਰ-ਵਾਰ ਉਲੰਘਣਾ ਕਰਨ ਦੇ ਨਤੀਜੇ ਵਜੋਂ ਕ੍ਰਮਵਾਰ $33,000 ਅਤੇ $18,000 ਦਾ ਜੁਰਮਾਨਾ ਕੀਤਾ ਸੀ।