ਆਕਲੈਂਡ (ਹਰਪ੍ਰੀਤ ਸਿੰਘ) - ਏਅਰ ਨਿਊਜੀਲੈਂਡ ਆਉਂਦੇ ਇੱਕ ਮਹੀਨੇ ਲਈ ਆਪਣੇ ਅੰਤਰ-ਰਾਸ਼ਟਰੀ ਉਡਾਣਾ ਦੇ ਯਾਤਰੀਆਂ ਦਾ ਭਾਰ ਤੋਲੇਗੀ। ਇਸ ਲਈ ਯਾਤਰੀਆਂ ਨੂੰ ਵਜਨ ਕਰਨ ਵਾਲੇ ਕੰਢੇ 'ਤੇ ਚੜਾਇਆ ਜਾਂਦਾ ਹੈ ਅਤੇ ਯਾਤਰੀ ਦੇ ਸਮਾਨ ਨੂੰ ਵੱਖਰੇ ਕੰਢੇ 'ਤੇ। ਯਾਤਰੀ ਆਪਣੀ ਮਰਜੀ ਨਾਲ ਇਸ ਉਪਰਾਲੇ ਦਾ ਹਿੱਸਾ ਬਣ ਸਕਦੇ ਹਨ ਜਾਂ ਨਹੀਂ ਵੀ। ਵਜਨ ਦਾ ਕੰਪਿਊਟਰ ਰਿਕਾਰਡ ਰੱਖਿਆ ਜਾਂਦਾ ਹੈ।
ਏਅਰ ਨਿਊਜੀਲੈਂਡ ਅਨੁਸਾਰ ਏਅਰਲਾਈਨ ਅਜਿਹਾ ਸੁਰੱਖਿਆ ਅਤੇ ਕਾਰਗਰ ਢੰਗ ਨਾਲ ਸੇਵਾਵਾਂ ਦੇਣ ਲਈ ਕਰ ਰਹੀ ਹੈ, ਕਿਉਂਕਿ ਏਅਰਕਰਾਫਟ ਦੇ ਸਹੀ ਅਤੇ ਸੁਰੱਖਿਅਤ ਢੰਗ ਨਾਲ ਕੰਮ ਕਰਨ ਲਈ ਉਸ 'ਤੇ ਢੋਇਆ ਜਾਣ ਵਾਲਾ ਵਜਨ ਅਹਿਮ ਹੁੰਦਾ ਹੈ।
ਬੀਤੇ ਸਾਲ ਆਕਲੈਂਡ-ਨਿਊਯਾਰਕ ਦੀ ਪਲੇਠੀ ਉਡਾਣ ਮੌਕੇ ਏਅਰਕਰਾਫਟ ਦਾ ਭਾਰ ਲੋੜ ਤੋਂ ਵੱਧ ਹੋਣ ਕਾਰਨ ਯਾਤਰੀਆਂ ਦਾ ਸਮਾਨ ਏਅਰਪੋਰਟ 'ਤੇ ਹੀ ਪਿੱਛੇ ਛੱਡਣਾ ਪਿਆ ਸੀ ਤੇ ਅਜਿਹੀਆਂ ਸੱਮਸਿਆਵਾਂ ਭਵਿੱਖ ਵਿੱਚ ਨਾ ਆਉਣ, ਇਸੇ ਲਈ ਹੀ ਯਾਤਰੀਆਂ ਦੇ ਔਸਤ ਭਾਰ ਦਾ ਆਂਕੜਾ ਰੱਖੇ ਜਾਣਾ ਜਰੂਰੀ ਹੈ।