ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੇ ਰੀਕਵਰੀ ਵੀਜਾ ਤੇ ਐਕਰੀਡੇਟਡ ਇਮਪਲਾਇਰ ਵਰਕ ਵੀਜਾ ਦੇ ਨਾਮ 'ਤੇ ਪ੍ਰਵਾਸੀਆਂ ਤੋਂ $30,000-$40,000 ਤੱਕ ਦੀ ਮੋਟੀ ਰਕਮ ਦੀਆਂ ਠੱਗੀਆਂ ਮਾਰੇ ਜਾਣ ਦੀਆਂ ਖਬਰਾਂ ਬੀਤੀਆਂ ਗਰਮੀਆਂ ਤੋਂ ਸਾਹਮਣੇ ਆ ਰਹੀਆਂ ਹਨ।
ਸਿਰਫ ਭਾਰਤ ਜਾਂ ਹੋਰ ਛੋਟੇ ਮੁਲਕ ਹੀ ਨਹੀਂ ਬਲਕਿ ਹੁਣ ਤਾਂ ਨੇਪਾਲ ਤੋਂ ਵੀ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ।
ਆਕਲੈਂਡ ਸਥਿਤ ਨੇਪਲੀਜ਼ ਕੌਂਸਲ ਨੇ ਦੱਸਿਆ ਹੈ ਕਿ ਉਨ੍ਹਾਂ ਕੋਲ ਅਜਿਹੇ ਕਾਫੀ ਮਾਮਲੇ ਸਾਹਮਣੇ ਆਏ ਹਨ, ਜਿਸ ਵਿੱਚ ਪ੍ਰਵਾਸੀਆਂ ਨੂੰ ਨਿਊਜੀਲੈਂਡ ਦਾ ਟੂਰੀਸਟ ਵੀਜਾ ਜਾਂ ਵੀਜੀਟਰ ਵੀਜਾ ਖ੍ਰੀਦਣ ਲਈ ਪ੍ਰੇਰਿਆ ਗਿਆ ਤੇ ਇਹ ਵੀ ਕਿਹਾ ਗਿਆ ਕਿ ਨਿਊਜੀਲੈਂਡ ਪੁੱਜਣ ਤੋਂ ਬਾਅਦ ਉਹ ਕੰਮ ਵੀ ਕਰ ਸਕਣਗੇ, ਪਰ ਜਦੋਂ ਤੱਕ ਇਨ੍ਹਾਂ ਪ੍ਰਵਾਸੀਆਂ ਨੂੰ ਅਸਲੀਅਤ ਦਾ ਪਤਾ ਲੱਗਾ, ਤੱਦ ਤੱਕ ਉਹ ਹਜਾਰਾਂ ਡਾਲਰ ਦੀ ਮੋਟੀ ਠੱਗੀ ਦਾ ਸ਼ਿਕਾਰ ਹੋ ਚੁੱਕੇ ਸਨ।
ਸੋਸ਼ਲ ਮੀਡੀਆ 'ਤੇ ਕਈ ਅਜਿਹੀਆਂ ਪੋਸਟਾਂ ਵੀ ਦੇਖਣ ਨੂੰ ਮਿਲੀਆਂ ਹਨ, ਜਿਸ ਵਿੱਚ ਰਿਕਵਰੀ ਵੀਜਾ ਨੂੰ ਗਲਤ ਢੰਗ ਨਾਲ ਨਿਊਜੀਲੈਂਡ ਦੇ 3 ਸਾਲ ਦੇ ਵਰਕ ਵੀਜੇ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਹੈ, ਜਦਕਿ ਅਸਲੀਅਤ ਵਿੱਚ ਇਹ ਮੁਹਾਰਤ ਹਾਸਿਲ ਕਾਮਿਆਂ ਲਈ 6 ਮਹੀਨੇ ਦੀ ਮਿਆਦ ਵਾਲਾ ਵਰਕ ਵੀਜਾ ਹੈ।
ਇਮੀਗ੍ਰੇਸ਼ਨ ਨਿਊਜੀਲੈਂਡ ਨੇ ਵੀ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਉਨ੍ਹਾਂ ਤੋਂ ਮਾਨਤਾ ਹਾਸਿਲ 2 ਕਾਰੋਬਾਰਾਂ ਵਲੋਂ ਵੀ ਪ੍ਰਵਾਸੀਆਂ ਤੋਂ ਨੌਕਰੀ ਤੇ ਵੀਜੇ ਲਈ ਪੈਸਿਆਂ ਦੀ ਮੰਗ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਇਮੀਗ੍ਰੇਸ਼ਨ ਇੰਡਸਟਰੀ ਗਰੁੱਪ ਐਨ ਜੈਡ ਏ ਐਮ ਆਈ ਨੇ ਸੰਭਾਵਿਤ ਪ੍ਰਵਾਸੀਆਂ ਦੇ ਸੋਸ਼ਣ ਦੀ ਚਿੰਤਾ ਪ੍ਰਗਟਾਉਂਦਿਆਂ ਦੱਸਿਆ ਹੈ ਕਿ ਅਜਿਹੇ ਮਾਮਲੇ ਵੀ ਸਾਹਮਣੇ ਆਏ ਹਨ ਜਿਨ੍ਹਾਂ ਵਿੱਚ ਪ੍ਰਵਾਸੀ ਇੱਥੇ ਹਜਾਰਾਂ ਡਾਲਰ ਲਾਕੇ ਪੁੱਜੇ ਹਨ, ਪਰ ਉਨ੍ਹਾਂ ਨੂੰ ਇੱਥੇ ਆਕੇ ਕੰਮ ਨਹੀਂ ਮਿਲਿਆ ਤੇ ਇਹ ਵੀ ਪਤਾ ਲੱਗਾ ਹੈ ਕਿ ਇਮੀਗ੍ਰੇਸ਼ਨ ਵਲੋਂ ਵੀ ਉਨ੍ਹਾਂ ਨੂੰ ਇਹ ਵੀਜਾ ਬਿਨ੍ਹਾਂ ਉਨ੍ਹਾਂ ਦੇ ਅਨੁਭਵ ਤੇ ਯੋਗਤਾ ਚੈੱਕ ਕੀਤੇ ਹੀ ਜਾਰੀ ਕਰ ਦਿੱਤੇ ਗਏ।