ਆਕਲੈਂਡ (ਹਰਪ੍ਰੀਤ ਸਿੰਘ) - ਨਿਊਜ਼ਹੱਬ ਦੇ ਤਾਜਾ ਹੋਏ ਸਰਵੇਖਣ ਵਿੱਚ ਸਾਹਮਣੇ ਆਇਆ ਹੈ ਕਿ ਬਹੁਤੇ ਨਿਊਜੀਲੈਂਡ ਵਾਸੀ ਰੀਕਰੀਏਸ਼ਨਲ ਵੇਪਿੰਗ 'ਤੇ ਕਾਨੂੰਨੀ ਪਾਬੰਦੀ ਚਾਹੁੰਦੇ ਹਨ। ਸਰਵੇਅ ਵਿੱਚ ਵੇਪਿੰਗ ਬੈਨ ਸਬੰਧੀ ਕੀਤੇ ਗਏ ਸੁਆਲ ਦੇ ਜੁਆਬ ਵਿੱਚ 68% ਨੇ ਇਸ ਨੂੰ ਬੰਦ ਕਰਵਾਏ ਜਾਣ ਦੀ ਹਾਮੀ ਭਰੀ, ਜਦਕਿ ਸਿਰਫ 27% ਹੀ ਇਸਦੇ ਖਿਲਾਫ ਸਨ।
ਦਰਅਸਲ ਵੇਪਿੰਗ ਦੀ ਆਦਤ ਛੋਟੀ ਉਮਰ ਦੇ ਨੌਜਵਾਨਾਂ ਵਿੱਚ ਇੱਕ ਗੰਭੀਰ ਸੱਮਸਿਆ ਬਣਦੀ ਜਾ ਰਹੀ ਹੈ, ਹਾਲਾਤ ਅਜਿਹੇ ਹਨ ਕਿ ਕਈ ਹਾਈ ਸਕੂਲਾਂ ਨੇ ਤਾਂ ਨੌਜਵਾਨਾਂ ਨੂੰ ਅਜਿਹਾ ਕਰਨ ਤੋਂ ਰੋਕਣ ਲਈ ਸਕੂਲਾਂ ਵਿੱਚ ਸੀਸੀਟੀਵੀ ਵੀ ਲਗਵਾ ਲਏ ਹਨ।
ਤਾਜਾ ਹੋਈ ਇੱਕ ਸਟੱਡੀ ਦੇ ਨਤੀਜੇ ਵੀ ਬਹੁਤ ਮਾੜੇ ਆਏ ਹਨ, ਪਤਾ ਲੱਗਾ ਹੈ ਕਿ ਨਿਊਜੀਲੈਂਡ ਦੇ ਸਕੂਲਾਂ ਦੇ ਸਾਲ 10 ਦੇ ਕਰੀਬ 10% ਵਿਦਿਆਰਥੀ ਜਿਨ੍ਹਾਂ ਦੀ ਉਮਰ ਸਿਰਫ 13-14 ਸਾਲ ਦੇ ਵਿਚਕਾਰ ਹੀ ਹੁੰਦੀ ਹੈ, ਰੋਜਾਨਾ ਵੇਪਿੰਗ ਦੀ ਆਦਤ ਨਾਲ ਗ੍ਰਸਤ ਹਨ ਤੇ ਕਈ ਤਾਂ ਇਨੇਂ ਜਿਆਦਾ ਆਦਿ ਹੋ ਚੁੱਕੇ ਹਨ ਕਿ ਉਹ ਪੜ੍ਹਾਈ ਵੀ ਨਹੀਂ ਕਰ ਪਾ ਰਹੇ।
ਸਰਕਾਰ 'ਤੇ ਇਸ ਖਿਲਾਫ ਸਖਤ ਕਾਨੂੰਨ ਅਮਲ ਵਿੱਚ ਲਿਆਏ ਜਾਣ ਦਾ ਦਬਾਅ ਲਗਾਤਾਰ ਵੱਧ ਰਿਹਾ ਹੈ, ਪਰ ਵੇਪਿੰਗ ਨੂੰ ਬੈਨ ਕਰਨ ਦੀ ਬਜਾਏ ਸਰਕਾਰ ਹੋਰਾਂ ਵਿਕਲਪਾਂ ਲਈ ਸੋਚ ਬਣਾ ਰਹੀ ਹੈ।