ਆਕਲੈਂਡ (ਹਰਪ੍ਰੀਤ ਸਿੰਘ) - ਨਾਰਥਲੈਂਡ ਦੇ ਕਾਇਕੋਹੀ ਕਮਿਊਨਿਟੀ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿੱਥੇ ਇੱਕ ਹਮਲਾਵਰ ਵਲੋਂ ਘਰ ਵੜ੍ਹਕੇ ਬਜੁਰਗ ਦਾ ਕਤਲ ਕੀਤੇ ਜਾਣ ਦੀ ਖਬਰ ਹੈ। ਲੋਕਲ ਮੇਅਰ ਅਤੇ ਕਮਿਊਨਿਟੀ ਇਸ ਘਟਨਾ ਤੋਂ ਬਾਅਦ ਬਹੁਤ ਪ੍ਰੇਸ਼ਾਨ ਹਨ ਅਤੇ ਇਸ ਘਟਨਾ 'ਤੇ ਦੁੱਖ ਪ੍ਰਗਟਾ ਰਹੇ ਹਨ।
ਇਹ ਘਟਨਾ ਬੀਤੀ ਰਾਤ 11.30 ਵਜੇ ਕਾਇਕੋਹੀ ਸਟਰੀਟ ਵਿਖੇ ਵਾਪਰੀ ਸੀ, ਜਿੱਥੇ ਪੁਲਿਸ ਨੂੰ ਇਹ ਜਾਣਕਾਰੀ ਮਿਲੀ ਸੀ ਕਿ ਉਕਤ ਘਰ ਦੇ ਵਿੱਚ ਇੱਕ ਘੁਸਪੈਠੀਆ ਆ ਪੁੱਜਾ ਹੈ ਤੇ ਉਸ ਨਾਲ ਬਚਾਅ ਦੀ ਕੋਸ਼ਿਸ਼ ਵਿੱਚ ਬਜੁਰਗ ਮਹਿਲਾ ਗੰਭੀਰ ਜਖਮੀ ਹੋ ਗਈ ਸੀ। ਮਹਿਲਾ ਨੂੰ ਐਮਰਜੈਂਸੀ ਦਸਤੇ ਵਲੋਂ ਬਚਾਉਣ ਦੀ ਕੋਸ਼ਿਸ਼ ਤਾਂ ਕੀਤੀ ਗਈ ਸੀ, ਪਰ ਬਚਾਇਆ ਨਾ ਜਾ ਸਕਿਆ। ਪੂਰੇ ਨਿਊਜੀਲੈਂਡ ਵਿੱਚ ਇਸ ਘਟਨਾ ਦੀ ਕਾਫੀ ਚਰਚਾ ਹੈ।