ਆਕਲੈਂਡ (ਹਰਪ੍ਰੀਤ ਸਿੰਘ) - ਅਪ੍ਰੈਲ ਵਿੱਚ ਨਿਊਜੀਲੈਂਡ ਦੇ ਇੱਕ ਪਿਤਾ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ ਉਸਦੀ 12 ਸਾਲਾ ਧੀ ਨੂੰ ਇੱਕ ਨੌਜਵਾਨ ਨੇ ਆਨਲਾਈਨ ਉਕਸਾਇਆ ਤੇ ਉਸ ਦੀਆਂ ਅਰਧ-ਨਗਨ ਤਸਵੀਰਾਂ ਆਨਲਾਈਨ ਮੰਗਵਾਈਆਂ।
ਪੁਲਿਸ ਨੂੰ ਕੀਤੀ ਸ਼ਿਕਾਇਤ ਦਾ ਪਿਤਾ ਨੂੰ ਕੋਈ ਫਾਇਦਾ ਨਹੀਂ ਹੋਇਆ, ਕਿਉਂਕਿ ਪੁਲਿਸ ਨੇ ਪਹਿਲਾਂ ਤਾਂ ਇਹ ਕਹਿੰਦਿਆਂ ਹੱਥ ਖੜੇ ਕਰ ਦਿੱਤੇ ਕਿ ਦੋਸ਼ੀ ਵਿਅਕਤੀ ਵਿਦੇਸ਼ੀ (ਅਮਰੀਕਰਾ ਦੇ ਓਹਾਇਓ ਤੋਂ) ਹੈ ਅਤੇ ਇਸ ਮਾਮਲੇ ਵਿੱਚ ਕੋਈ ਵੀ ਅਗਲੀ ਕਾਰਵਾਈ ਨਹੀਂ ਕੀਤੀ ਜਾ ਸਕਦੀ।
ਪਰ ਜਦੋਂ ਮਾਮਲਾ ਮੀਡੀਆ ਤੱਕ ਪੁੱਜਾ ਤਾਂ ਪੁਲਿਸ ਹਰਕਤ ਵਿੱਚ ਆਈ ਤੇ ਇਸ ਮਾਮਲੇ ਸਬੰਧੀ ਪੁਲਿਸ ਨੇ ਅਮਰੀਕੀ ਨੈਸ਼ਨਲ ਲਾਅ ਐਨਫੋਰਸਮੈਂਟ ਐਜੰਸੀ ਨੂੰ ਜਾਣਕਾਰੀ ਭੇਜੀ ਗਈ।
ਪੁਲਿਸ ਦਾ ਕਹਿਣਾ ਹੈ ਕਿ ਇਹੀ ਜਾਣਕਾਰੀ ਉਨ੍ਹਾਂ ਨੇ ਅਮਰੀਕਾ ਸਥਿਤ ਆਪਣੇ ਲਾਅ ਐਨਫੋਰਸਮੈਂਟ ਪਾਰਟਨਰ ਨੂੰ ਵੀ ਭੇਜੀ ਹੈ ਤੇ ਅਗਲੀ ਹਾਸਿਲ ਹੋਣ ਵਾਲੀ ਅਪਡੇਟ ਦੀ ਉਡੀਕ ਵਿੱਚ ਹਨ।
ਜਦੋਂ ਪੁਲਿਸ ਤੋਂ ਮੀਡੀਆ ਵਲੋਂ ਪੁੱਛਿਆ ਗਿਆ ਕਿ ਕਿਹੜੀ ਲਾਅ ਐਨਫੋਰਸਮੈਂਟ ਐਜੰਸੀ ਨੂੰ ਮਾਮਲੇ ਦੀ ਜਾਣਕਾਰੀ ਭੇਜੀ ਗਈ ਹੈ ਤਾਂ ਇਸਦਾ ਪੁਲਿਸ ਵਲੋਂ ਸੰਤੁਸ਼ਟੀ ਭਰਿਆ ਕੋਈ ਵੀ ਜੁਆਬ ਨਹੀਂ ਦਿੱਤਾ ਗਿਆ ਅਤੇ ਨਾ ਹੀ ਐਜੰਸੀ ਦਾ ਨਾਮ ਦੱਸਿਆ ਗਿਆ।
ਪੁਲਿਸ ਵਲੋਂ 6 ਹਫਤਿਆਂ ਤੱਕ ਕੋਈ ਕਾਰਵਾਈ ਦੀ ਅਪਡੇਟ ਨਾ ਆਉਣ 'ਤੇ ਅਖੀਰ ਪਿਤਾ ਨੇ ਮਾਮਲਾ ਖੁਦ ਆਪਣੇ ਹੱਥ ਵਿੱਚ ਲਿਆ ਤੇ ਓਹਾਇਓ ਰਹਿੰਦੇ ਦੋਸ਼ੀ ਵਿਅਕਤੀ ਦਾ ਨਾਮ ਅਤੇ ਪਤਾ ਤੱਕ ਪਤਾ ਕਰ ਲਿਆ।
ਇੱਥੋਂ ਤੱਕ ਕਿ ਪਿਤਾ ਨੇ ਓਹਾਇਓ ਪੁਲਿਸ ਦੇ ਇੱਕ ਕੈਪਟਨ ਨਾਲ ਵੀ ਗੱਲਬਾਤ ਕੀਤੀ, ਜਿਸ ਨੇ ਦੱਸਿਆ ਕਿ ਅਜਿਹੇ ਕਿਸੇ ਵੀ ਮਾਮਲੇ ਦੀ ਜਾਣਕਾਰੀ ਨਿਊਜੀਲੈਂਡ ਪੁਲਿਸ ਵਲੋਂ ਉਨ੍ਹਾਂ ਨੂੰ ਨਹੀਂ ਭੇਜੀ ਗਈ।
ਉਕਤ ਪਿਤਾ ਅਜੇ ਵੀ ਪਿੱਛੇ ਹਟਣ ਨੂੰ ਤਿਆਰ ਨਹੀਂ ਤੇ ਉਹ ਦੋਸ਼ੀ ਨੂੰ ਸਜਾ ਦੁਆਉਣ ਲਈ ਖੁਦ ਓਹਾਇਓ ਜਾਣ ਦੇ ਬਾਰੇ ਸੋਚ ਰਿਹਾ ਹੈ।
ਪਿਤਾ ਦਾ ਇਹ ਵੀ ਕਹਿਣਾ ਹੈ ਕਿ ਜੇ ਨਿਊਜੀਲੈਂਡ ਪੁਲਿਸ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੁੰਦਾ ਤਾਂ ਉਸਦੀ ਧੀ ਨੂੰ ਹੁਣ ਤੱਕ ਇਨਸਾਫ ਮਿਲ ਜਾਣਾ ਸੀ ਤੇ ਹੁਣ ਜੇ ਉਹ ਆਪਣੀ ਧੀ ਨੂੰ ਇਨਸਾਫ ਦੁਆਉਣ ਵਿੱਚ ਸਫਲ ਹੁੰਦਾ ਹੈ ਤਾਂ ਉਸ ਇਨਸਾਫ ਦਾ ਨਿਊਜੀਲੈਂਡ ਪੁੁਲਿਸ ਦਾ ਕੋਈ ਲੈਣਾ-ਦੇਣਾ ਨਹੀਂ ਹੋਏਗਾ।