ਆਕਲੈਂਡ (ਹਰਪ੍ਰੀਤ ਸਿੰਘ) - ਚਾਈਨਾ ਦੀ ਈ-ਕਾਮਰਸ ਕੰਪਨੀ ਪਿਨਡੁਓਡੁਓ ਦੀ ਮਲਕੀਅਤ ਵਾਲੀ ਟੇਮੂ, ਨਿਊਜੀਲੈਂਡ ਵਿੱਚ ਮਾਰਚ 2023 ਵਿੱਚ ਲਾਂਚ ਹੋਈ ਸੀ ਤੇ ਇਸ ਤੋਂ ਬਾਅਦ ਇਹ ਲਗਾਤਾਰ ਹਰਮਨ ਪਿਆਰੀ ਹੁੰਦੀ ਜਾ ਰਹੀ ਹੈ।
ਟੇਮੂ ਆਪਣੇ ਸਸਤੇ ਉਤਪਾਦਾਂ ਦੇ ਕਾਰਨ ਕਾਫੀ ਜਿਆਦਾ ਖਿੱਚ ਦਾ ਕੇਂਦਰ ਬਣ ਰਹੀ ਹੈ। ਇਸ ਆਨਲਾਈਨ ਪਲੇਟਫਾਰਮ 'ਤੇ ਐਮਜੋਨ ਵਾਂਗ ਛੋਟੇ ਤੋਂ ਛੋਟੇ ਅਤੇ ਵੱਡੇ ਤੋਂ ਵੱਡੇ ਉਤਪਾਦ ਉਪਲਬਧ ਹਨ ਅਤੇ ਉਹ ਵੀ ਮਾਰਕੀਟ ਦੇ ਮੁੱਲਾਂ ਤੋਂ ਕਿਤੇ ਘੱਟ।
ਇਸ ਐਪ ਦੀ ਲਗਾਤਾਰ ਵੱਧਦੀ ਲੋਕਪ੍ਰਿਯਤਾ ਰੀਟੈਲ ਕਾਰੋਬਾਰਾਂ ਲਈ ਖਤਰਾ ਬਣ ਸਕਦੀ ਹੈ ਜਾਂ ਨਹੀਂ ਇਸ ਸਬੰਧੀ ਫਰਸਟ ਰੀਟੈਲ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਕ੍ਰਿਸ ਵਿਲਕਿਨਸਨ ਦਾ ਕਹਿਣਾ ਹੈ ਕਿ ਅਜੇ ਤਾਂ ਇਹ ਕੰਪਨੀ ਸਿੱਧੇ ਤੌਰ 'ਤੇ ਛੋਟੇ ਕਾਰੋਬਾਰੀਆਂ ਲਈ ਨੁਕਸਾਨਦਾਇਕ ਨਹੀਂ ਸਾਬਿਤ ਹੋ ਸਕਦੀ, ਪਰ ਜਿਸ ਢੰਗ ਨਾਲ ਅਤੇ ਜਿਸ ਪੱਧਰ ਦੇ ਕੰਪਨੀ ਇਸ਼ਤਿਹਾਰਬਾਜੀ ਦੇ ਸਟੰਟ ਅਪਣਾ ਰਹੀ ਹੈ, ਉਸਨੂੰ ਦੇਖਕੇ ਇੰਝ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਇੰਟਰਨੈੱਟ ਦੀ ਹਰ ਐਪ ਅਤੇ ਹਰ ਬਰਾਉਜ਼ਰ 'ਤੇ ਇਸ ਦੀ ਚੰਗੀ ਪਕੜ ਹੋਏਗੀ ਤੇ ਹਰ ਕਿਤੇ ਇਹ ਐਪ ਦੀ ਇਸ਼ਤਿਹਾਰਬਾਜੀ ਦੇਖਣ ਨੂੰ ਮਿਲੇਗੀ, ਜਿਸ ਦੇ ਨਤੀਜੇ ਵਜੋਂ ਰੀਟੈਲ ਕਾਰੋਬਾਰਾਂ 'ਤੇ ਇਸਦਾ ਅਸਰ ਪੈਣਾ ਸੁਭਾਵਿਕ ਹੋਏਗਾ।
ਵਿਲਕਿਨਸਨ ਦਾ ਇਹ ਵੀ ਕਹਿਣਾ ਹੈ ਕਿ ਕਿਉਂਕਿ ਇਸ ਵੇਲੇ ਨਿਊਜੀਲੈਂਡ ਵਿੱਚ ਆਰਥਿਕ ਮੰਦੀ ਦੇ ਹਾਲਾਤ ਬਣੇ ਹੋਏ ਹਨ ਅਤੇ ਨਿਊਜੀਲੈਂਡ ਵਾਸੀ ਵੀ ਕਿਰਸ ਨਾਲ ਖਰਚਾ ਕਰ ਰਹੇ ਹਨ। ਅਜਿਹੇ ਵਿੱਚ ਟੇਮੂ ਦੀ ਸਭ ਤੋਂ ਸਸਤੀ ਵੇਚਣ ਦੀ ਸੋਚ ਹੀ ਨਿਊਜੀਲੈਂਡ ਵਾਸੀਆਂ ਨੂੰ ਆਪਣੇ ਵੱਲ ਖਿੱਚੇਗੀ ਤੇ ਇਹੀ ਵਰਤਾਰਾ ਨਿਊਜੀਲੈਂਡ ਦੀ ਆਰਥਿਕਤਾ 'ਤੇ ਵੀ ਭਾਰੀ ਪੈ ਸਕਦਾ ਹੈ।