ਮਾਰਚ ਮਹੀਨੇ ਤੋਂ ਹੀ ਭਾਰਤ ਵਲੋਂ ਸਾਰੀਆਂ ਅੰਤਰਰਾਸ਼ਟਰੀ ਵਪਾਰਕ ਉਡਾਣਾਂ 'ਤੇ ਰੋਕ ਲਗਾ ਦਿੱਤੀ ਗਈ ਸੀ। ਅਜਿਹੇ ਵਿਚ ਕਈ ਵਿਦੇਸ਼ੀ ਨਾਗਰਿਕ ਭਾਰਤ ਵਿਚ ਫਸ ਗਏ ਸਨ, ਜਿਹਨਾਂ ਵਿਚ ਆਸਟਰੇਲੀਆਈ ਵੀ ਸ਼ਾਮਲ ਹਨ। ਇਹਨਾਂ ਆਸਟਰੇਲੀਆਈ ਨਾਗਰਿਕਾਂ ਦੀ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਤੇ ਭਾਰਤ ਆਸਟਰੇਲੀਆ ਰਣਨੀਤਿਕ ਗਠਜੋੜ ਦੀਆਂ ਕੋਸ਼ਿਸ਼ਾਂ ਸਦਕਾ ਆਉਣ ਵਾਲੇ ਦਿਨਾਂ ਵਿਚ ਸਪੈਸ਼ਲ ਫਲਾਈਟਾਂ ਰਾਹੀਂ ਆਸਟਰੇਲੀਆ ਵਾਪਸੀ ਕਰਵਾਈ ਜਾਵੇਗੀ।
ਭਾਰਤ ਆਸਟਰੇਲੀਆ ਰਣਨੀਤਿਕ ਗਠਜੋੜ (ਆਈ.ਏ.ਐਸ.ਏ.) ਦੇ ਚੇਅਰਮੈਨ ਡਾਕਟਰ ਜਗਵਿੰਦਰ ਸਿੰਘ ਵਿਰਕ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਤੇ ਆਈ.ਏ.ਐਸ.ਏ. ਵਲੋਂ ਭਾਰਤ ਵਿਚ ਫਸੇ ਆਸਟਰੇਲੀਆਈ ਲੋਕਾਂ ਦੀ ਵਤਨ ਵਾਪਸੀ ਲਗਾਤਾਰ ਕੀਤੇ ਜਾ ਰਹੇ ਯਤਨ ਰੰਗ ਲਿਆਏ ਹਨ। ਇਸ ਸਬੰਧੀ ਭਾਰਤ ਸਰਕਾਰ ਵਲੋਂ ਸਾਰੀ ਕਾਰਵਾਈ ਪੂਰੀ ਕਰ ਲਈ ਗਈ ਹੈ ਤੇ ਆਸਟਰੇਲੀਆਈ ਨਾਗਰਿਕਾਂ ਨੂੰ ਈਮੇਲ ਰਾਹੀਂ ਇਸ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਦੌਰਾਨ ਪਹਿਲੀ ਚਾਰਟਡ ਲਾਇਨ ਏਅਰ ਦੀ ਫਲਾਈਟ ਭਾਰਤ ਤੋਂ ਸ਼ੁੱਕਰਵਾਰ ਨੂੰ ਉਡਾਣ ਭਰ ਕੇ ਸ਼ਨੀਵਾਰ ਨੂੰ ਮੈਲਬੌਰਨ ਪਹੁੰਚੇਗੀ। ਇਸ ਤੋਂ ਇਲਾਵਾ ਭਾਰਤ ਵਿਚੋਂ ਆਸਟਰੇਲੀਆਈ ਨਾਗਰਿਕਾਂ ਨੂੰ ਕੱਢਣ ਲਈ ਹੋਰ ਉਡਾਣਾਂ ਦਾ ਵੀ ਪ੍ਰਬੰਧੀ ਕੀਤਾ ਜਾ ਰਿਹਾ ਹੈ। ਭਾਰਤ ਵਿਚ ਫਸੇ ਹਜ਼ਾਰਾਂ ਲੋਕਾਂ ਨੂੰ ਇਸ ਸਬੰਧੀ ਈਮੇਲਾਂ ਭੇਜੀਆਂ ਜਾ ਰਹੀਆਂ ਹਨ।