ਆਕਲੈਂਡ (ਹਰਪ੍ਰੀਤ ਸਿੰਘ) - ਰਵੀ ਭੂਸ਼ਣ ਜੋ ਨਿਊਜੀਲੈਂਡ 2012 ਵਿੱਚ ਆਇਆ ਤੇ ਉਸਤੋਂ ਬਾਅਦ 2015 ਵਿੱਚ ਇੱਥੇ ਪੱਕਾ ਹੋ ਗਿਆ। 2014 ਵਿੱਚ ਉਸਦਾ ਵਿਆਹ ਹੋ ਚੁੱਕਾ ਸੀ, ਪਰ 2016 ਵਿੱਚ ਉਸਨੇ ਫਿਰ ਤੋਂ ਵਿਆਹ ਕਰਵਾਉਣ ਲਈ ਇਸ਼ਤਿਹਾਰ ਦਿੱਤਾ ਤੇ ਇੰਡੀਆ ਤੋਂ ਇੱਕ ਹੋਰ ਘਰਵਾਲੀ ਵਿਆਹ ਕੇ ਇੱਥੇ ਲੈ ਆਇਆ।
ਪਹਿਲੀ ਘਰਵਾਲੀ ਨੂੰ ਇਸ ਸਭ ਬਾਰੇ ਬਿਲਕੁਲ ਵੀ ਪਤਾ ਨਹੀਂ ਸੀ, ਇਹ ਵਿਆਹ ਇੱਕ ਗੁਰਦੁਆਰਾ ਸਾਹਿਬ ਵਿੱਚ ਪੂਰੀਆਂ ਰਹੁ-ਰੀਤਾਂ ਅਨੁਸਾਰ ਕੀਤਾ ਗਿਆ ਸੀ।
ਦੋਨਾਂ ਘਰਵਾਲੀਆਂ ਨੂੰ ਰਵੀ ਦੀ ਇਸ ਕਰਤੂਤ ਬਾਰੇ ਪਹਿਲੀ ਵਾਰ 1 ਦਸੰਬਰ 2017 ਵਿੱਚ ਪਤਾ ਲੱਗਿਆ, ਜਦੋਂ ਉਸਨੇ ਪਹਿਲੇ ਵਿਆਹ ਦੀ ਘਰਵਾਲੀ ਨੂੰ ਟੌਰੰਗਾ ਫੈਮਲੀ ਕੋਰਟ ਵਿੱਚ ਤਲਾਕ ਦੇ ਦਿੱਤਾ।
30 ਦਸੰਬਰ ਨੂੰ ਰਵੀ 'ਤੇ 2 ਵਿਆਹ ਕਰਵਾਉਣ ਦੇ ਦੋਸ਼ ਲਾਏ ਗਏ ਤੇ ਉਸਨੂੰ ਚਾਰਜ ਕੀਤਾ ਗਿਆ।
ਇਸ ਤੋਂ ਬਾਅਦ ਰਵੀ ਦਾ ਦੂਜੀ ਘਰਵਾਲੀ ਨਾਲ ਕਲੇਸ਼ ਸ਼ੁਰੂ ਹੋ ਗਿਆ ਤੇ ਇਸ ਬਾਰੇ 2 ਵਾਰ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ। ਪਹਿਲੀ ਵਾਰ ਰਵੀ ਨੇ ਘਰਵਾਲੀ ਦਾ ਗਲਾ ਘੁੱਟਣ ਦੀ ਕੋਸ਼ਿਸ਼ ਕੀਤੀ ਤੇ ਦੂਜੀ ਵਾਰ ਬੀਤੇ ਸਾਲ ਉਸ ਵੇਲੇ ਉਸਨੇ ਘਰਵਾਲੀ ਨਾਲ ਕੁੱਟਮਾਰ ਕੀਤੀ ਜਦੋਂ ਉਹ 8 ਹਫਤਿਆਂ ਦੀ ਗਰਭਵਤੀ ਸੀ।
ਛੋਟੀ ਜਿਹੀ ਗੱਲ 'ਤੇ ਰਵੀ ਗੁੱਸੇ ਵਿੱਚ ਆ ਗਿਆ ਤੇ ਆਪਣੀ ਗਰਭਵਤੀ ਘਰਵਾਲੀ ਨੂੰ ਗਾਲਾਂ ਕੱਢਣ ਲੱਗ ਪਿਆ ਤੇ ਉਸਦੇ ਲੱਕ ਵਿੱਚ ਕਈ ਮੁੱਕੇ ਮਾਰੇ।
ਹੁਣ ਇਨ੍ਹਾਂ ਸਭ ਮਾਮਲਿਆਂ ਵਿੱਚ ਰਵੀ ਨੂੰ 25 ਮਹੀਨੇ ਦੀ ਕੈਦ ਹੋਈ ਹੈ, ਪਰ ਸਮਰੀ ਆਫ ਫੈਕਟਸ ਨੂੰ ਧਿਆਨ ਵਿੱਚ ਰੱਖਦਿਆਂ ਤੇ ਰਵੀ ਵਲੋਂ ਜੇਲ ਵਿੱਚ ਬਿਤਾਏ 8 ਮਹੀਨੇ ਦੇ ਸਮੇਂ ਨੂੰ ਧਿਆਨ ਵਿੱਚ ਰੱਖਦਿਆਂ ਉਸਨੂੰ ਪੈਰੋਲ ਲਈ ਵੀ ਇਜਾਜਤ ਵੀ ਦਿੱਤੀ ਗਈ ਹੈ।